ਪਨਸਪ ਮੁਲਾਜ਼ਮ ਯੂਨੀਅਨ ਪੰਜਾਬ ਨੇ ਪ.ਸ.ਸ.ਫ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ

ਮੋਗਾ, 9ਜੁਲਾਈ (ਜਸ਼ਨ): ਅੱਜ ਮੋਗਾ ਵਿੱਚ ਪਨਸਪ ਮੁਲਾਜ਼ਮ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਰਣਜੀਤ ਸਿੰਘ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼ਾਮਲ ਆਗੂਆਂ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ 1680, 22-ਬੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ ਦੇ ਸੂਬਾਈ ਡਿਪਟੀ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ, ਜ਼ਿਲ੍ਹਾ ਮੋਗਾ ਦੇ ਜਨਰਲ ਸਕੱਤਰ ਭੁਪਿੰਦਰ ਸੇਖੋਂ ਅਤੇ 'ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ' ਜ਼ਿਲ੍ਹਾ ਮੋਗਾ ਦੇ ਜਨਰਲ ਸਕੱਤਰ ਹਰੀਬਹਾਦਰ ਬਿੱਟੂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਣਜੀਤ ਸਿੰਘ ਸਹੋਤਾ ਨੇ ਦੱਸਿਆ ਕਿ 29 ਜੂਨ ਨੂੰ ਜਦੋਂ ਯੂਨੀਅਨ ਦੇ ਨੁਮਾਇੰਦੇ ਯੂਨੀਅਨ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਐਮ.ਡੀ. ਸਾਹਿਬ ਤੋਂ ਸਮਾਂ ਲੈਣ ਲਈ ਗਏ ਤਾਂ ਵੇਟਿੰਗ ਹਾਲ ਦੇ ਬਾਹਰ ਸ਼੍ਰੀ ਦਮਪ੍ਰੀਤ ਵਾਲੀਆ ਜਨਰਲ ਮੈਨੇਜਰ ਲੀਗਲ ਵੱਲੋਂ ਉਨ੍ਹਾਂ ਨੂੰ ਐਮ.ਡੀ. ਸਾਹਿਬ ਨਾਲ ਮਿਲਣ ਤੋਂ ਰੋਕਿਆ ਗਿਆ। ਇਸ ਮੌਕੇ ਸ਼੍ਰੀ ਵਾਲੀਆ ਨੇ ਬੁਰਾ ਭਲਾ ਬੋਲਿਆ ਜਿਸ ਨਾਲ ਤਕਰਾਰ ਹੋ ਗਿਆ ਅਤੇ ਵਾਲੀਆ ਨੇ ਕਿਹਾ ਕਿ 'ਤੁਸੀਂ ਚੂੜ੍ਹੇ ਚਮਿਆਰ ਇਕੱਠੇ ਹੋ ਕੇ ਆ ਜਾਂਦੇ ਹੋ' ਤਾਂ ਤਕਰਾਰ ਹੋਰ ਵਧ ਗਿਆ। ਇਸ ਤੋਂ ਬਾਅਦ ਯੂਨੀਅਨ ਵੱਲੋਂ ਪੁਲਿਸ ਅਤੇ ਮੀਡੀਆ ਨੂੰ ਸੂਚਿਤ ਕੀਤਾ ਗਿਆ। ਪੁਲਿਸ, ਮੀਡੀਆ ਅਤੇ ਉੱਚ ਅਧਿਕਾਰੀਆਂ ਦੇ ਦਖ਼ਲ ਨਾਲ ਐਮ.ਡੀ. ਸਾਹਿਬ ਨਾਲ ਮੁਲਾਕਾਤ ਸੰਭਵ ਹੋਈ। ਐਮ.ਡੀ. ਸਾਹਿਬ ਨੂੰ ਹੋਏ ਵਾਕਿਆ ਸਬੰਧੀ ਸ਼ਿਕਾਇਤ ਲਿਖਤੀ ਤੌਰ 'ਤੇ ਕੀਤੀ ਗਈ ਪਰ ਅਜੇ ਤੱਕ ਯੂਨੀਅਨ ਵੱਲੋਂ ਕੀਤੀ ਸਿਕਾਇਤ ਤੇ ਪੁਲਸ ਜਾਂ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ ਕਾ. ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਉੱਚ ਅਧਿਕਾਰੀ ਵੱਲੋਂ ਜਾਤੀ ਸੂਚਿਕ ਸ਼ਬਦ ਬੋਲਣਾ ਬਹੁਤ ਹੀ ਮੰਦਭਾਗਾ ਹੈ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਇਸ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੁਸੀਂ ਫੈਡਰੇਸ਼ਨ ਦਾ ਇੱਕ ਅੰਗ ਬਣ ਗਏ ਹੋ ਇਸ ਲਈ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਇਸ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਨੇ 'ਸਾਡਾ ਮੋਗਾ ਡੌਟ ਕੌਮ' ਨਿਊਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਮੀਡੀਏ ਰਾਹੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਅਫ਼ਸਰ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਕੁੱਝ ਦਿਨ ਉਡੀਕ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਬਣਾਈ ਜਾਵੇਗੀ। ਇਸ ਮੀਟਿੰਗ ਵਿੱਚ ਯੂਨੀਅਨ ਦੇ ਸਰਪ੍ਰਸਤ ਗੁਰਪ੍ਰੀਤਮ ਸਿੰਘ ਚੀਮਾ, ਸੁਖਮੰਦਰ ਸਿੰਘ ਮੋਗਾ, ਕੁਲਵੰਤ ਕੌਰ ਲੁਧਿਆਣਾ, ਕਰਤਾਰ ਸਿੰਘ ਜਲੰਧਰ, ਸ਼ਿਵ ਕੁਮਾਰ ਫਿਰੋਜ਼ਪੁਰ, ਰਾਜੇਸ਼ ਕੁਮਾਰ, ਮਲੇਰ ਸਿੰਘ, ਸ਼ਿਵਚਰਨ, ਸ਼ਵਿੰਦਰ ਫਰੀਦਕੋਟ, ਅਮਨਦੀਪ ਸਿੰਘ ਬਠਿੰਡਾ, ਸੁਰਜੀਤ ਸਿੰਘ ਮਾਨਸਾ ਆਦਿ ਆਗੂ ਸ਼ਾਮਲ ਹੋਏ।