ਮੀਂਹ ਦੇ ਪਾਣੀ ਨੇ ਪੱਤੋ ਦਾ ਪੰਜਾਹ ਏਕੜ ਕਰੀਬ ਝੋਨਾ ਡੋਬਿਆ 

ਪੱਤਰ ਪੇ੍ਰਰਕ 8ਜੁਲਾਈ, ਨਿਹਾਲ ਸਿੰਘ ਵਾਲਾ : ਮੀਂਹ ਦੇ ਪਾਣੀ ਨੇ ਪਿੰਡ ਪੱਤੋ ਦੇ ਕਿਸਾਨਾਂ ਦਾ ਪੰਜਤਾਲੀ ਏਕੜ ਤੋਂ ਵੱਧ ਝੋਨਾ ਡੋਬ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਹੋਰ ਫਸਲ ਵੀ ਨਹੀਂ ਹੋਣੀ, ਜਿਸ ਕਾਰਨ ਛੇ ਮਹੀਨੇ ਦਾ ਮਾਮਲਾ ਉਹਨਾਂ ਸਿਰ ਪਵੇਗਾ। ਪਿੰਡ ਪੱਤੋ ਹੀਰਾ ਸਿੰਘ ਤੋਂ ਮਧੇਕੇ ਦੇ ਰਸਤੇ ਮੀਂਹ ਦੇ ਪਾਣੀ ਨਾਲ ਗੁਰਚਰਨ ਸਿੰਘ ਪੱਤੋ, ਦਰਸ਼ਨ ਸਿੰਘ ਰਣਸੀਂਹ, ਕੁਲਦੀਪ ਸਿੰਘ ਪੱਤੋ, ਗੁਰਮੀਤ ਸਿੰਘ ਪੱਤੋ, ਜਗਮੋਹਨ ਤੇ ਬੱਲੀ ਕੇ ਮਧੇ ਆਦਿ ਕਿਸਾਨਾਂ ਦੀ ਪੰਜਤਾਲੀ ਏਕੜ ਤੋਂ ਜਿਆਦਾ ਝੋਨੇ ਦੀ ਫਸਲ ਪਾਣੀ ਵਿੱਚ ਡੁੱਬੀ ਹੋਈ ਹੈ। ਇਸ ਮੌਕੇ ਕੁਲਦੀਪ ਸਿੰਘ ਅਤੇ ਗੁਰਜੀਤ ਸਿੰਘ ਆਦਿ ਕਿਸਾਨਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਥਾਂ ਹਰ ਵਾਰੀ ਆਸੇ ਪਾਸੇ ਦਾ ਪਾਣੀ ਖੜਾ ਹੋ ਜਾਂਦਾ ਹੈ। ਇਸ ਵਾਰ ਦੂਜੀ ਭਾਰੀ ਬਰਸਾਤ ਨੇ ਪੈਰ ਲਗਾ ਰਹੇ ਝੋਨੇ ਨੂੰ ਫਿਰ ਡੋਬ ਦਿੱਤਾ ਹੈ। ਜਿਆਦਾਤਰ ਜਮੀਨ ਠੇਕੇ ਉੱਪਰ ਲਈ ਹੋਈ ਹੈ। ਮੀਂਹ ਦੀ ਖਰਾਬੀ ਕਾਰਨ ਹੋਰ ਕੋਈ ਫਸਲ ਵੀ ਨਹੀਂ ਹੋ ਸਕਣੀ। ਜਿਸ ਕਾਰਨ  ਪੈਲੀ ਦਾ ਮਾਮਲਾ ਉਹਨਾਂ ਸਿਰ ਪਵੇਗਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਪੈਰਾਂ ਸਿਰ ਖੜੇ ਰਹਿ ਸਕਣ।