ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਨੇ ਨੈਸ਼ਨਲ ਲੈਵਲ ਫੁੱਟਬਾਲ ਟੂਰਨਾਮੈਂਟ ਵਿੱਚ ਜਿੱਤਿਆ ਗੋਲਡ ਮੈਡਲ

ਮੋਗਾ, 18 ਅਕਤੂਬਰ:( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਯੋਗ ਅਗੁਵਾਈ ਹੇਠ ਵਿੱਦਿਆ ਦਾ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਹਰ ਰੋਜ਼ ਨਵੀਆਂ ਉਚਾਈਆਂ ਛੂਹ ਰਿਹਾ ਹੈ। ਇਸੇ ਲੜੀ ਤਹਿਤ ਸਕੂਲ਼ ਦੇ ਵਿਦਿਆਰਥੀ ਉਦੇਪਾਲ ਸਿੰਘ ਨੇ ਨੈਸ਼ਨਲ ਲੈਵਲ ਤੇ ਹੋਏ ਫੁੱਟਬਾਲ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਸਕੂਲ਼, ਆਪਣੇ ਮਾਤਾ-ਪਿਤਾ, ਆਪਣੇ ਪਿੰਡ, ਆਪਣੇ ਜ਼ਿਲੇ ਅਤੇ ਸੂਬੇ ਦਾ ਨਾਮ ਰੋਸ਼ਨ ਕੀਤਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਜੀ ਵੱਲੋਂ ਕੀਤਾ ਗਿਆ। ਇਸ ਵਿਸ਼ੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ 4-5 ਅਕਤੂਬਰ ਨੂੰ ਗੋਆ ਵਿਖੇ ‘ਖੇਲੋ ਇੰਡੀਆਂ ਕਿਡਜ਼ ਫੁੱਟਬਾਲ ਚੈਂਪਿਅਨਸ਼ਿਪ ਕਰਵਾਈ ਗਈ ਸੀ। ਨੈਸ਼ਨਲ ਲੈਵਲ ਦੀ ਇਸ ਚੈਂਪਿਅਨਸ਼ਿਪ ਵਿੱਚ ਦੇਸ਼ ਭਰ ਵਿੱਚੋਂ 16 ਸਟੇਟਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਜਿੰਨ੍ਹਾ ਵਿੱਚ ਪੰਜਾਬ, ਮੁੰਬਈ, ਗੋਆ, ਕੇਰਲਾ, ਗੁਜਰਾਤ, ਮੇਘਾਲਿਆ, ਦਿੱਲੀ, ਜੰਮੂ, ਤਾਮਿਲਨਾਡੂ ਸਟੇਟਾਂ ਸ਼ਾਮਿਲ ਸਨ। ਮਾਣ ਕਰਨ ਵਾਲੀ ਗੱਲ ਇਹ ਹੈ ਕਿ ਬਲੂਮਿੰਗ ਬਡਜ਼ ਸਕੂਲ ਦੀ ਬਾਰ੍ਹਵੀ ਕਮਰਸ ਦਾ ਵਿਦਿਆਰਥੀ ਉਦੇਪਾਲ ਸਿੰਘ, ਇਸ ਚੈਂਪਿਅਨਸ਼ਿਪ ਵਿੱਚ ਜੇਤੂ ਰਹੀ ਪੰਜਾਬ ਦੀ ਟੀਮ ਦਾ ਹਿੱਸਾ ਸੀ। ਉਦੇਪਾਲ ਨੇ ਪੰਜਾਬ ਦੀ ਟੀਮ ਵੱਲੋਂ ਲੈਫਟ ਵਿੰਗ ਫਾਰਵਰਡ ਪੁਜੀਸ਼ਨ ਤੇ ਖੇਲਦਿਆਂ ਪੰਜਾਬ ਦੀ ਟੀਮ ਲਈ 5 ਗੋਲ ਕੀਤੇ। ਪਹਿਲੇ ਲੀਗ ਮੁਕਾਬਲੇ ਵਿੱਚ ਮੁੰਬਈ, ਕੁਆਟਰ ਫਾਈਨਲ ਵਿੱਚ ਕੇਰਲਾ, ਸੇਮੀ ਫਾਈਨਲ ਵਿੱਚ ਗੁਜਰਾਤ ਨੂੰ 4-0 ਨਾਲ ਹਰਾ ਕੇ ਪੰਜਾਬ ਦੀ ਟੀਮ ਫਾਈਨਲ ਮੁਕਾਬਲੇ ਵਿੱਚ ਪਹੁੰਚੀ। ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਗੋਆ ਦੀ ਟੀਮ ਨਾਲ ਬਹੁਤ ਹੀ ਅੜਵੇਂ ਮੁਕਾਬਲੇ ਵਿੱਚ ਪੰਜਾਬ ਦੀ ਟੀਮ 1-0 ਨਾਲ ਜੇਤੂ ਰਹੀ। ਇਸ ਜਿੱਤ ਲਈ ਸਾਰੇ ਖਿਡਾਰੀਆਂ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਵੰਡੇ ਗਏ ਅਤੇ ਜੇਤੂ ਟ੍ਰਾਫੀ ਵੀ ਪੰਜਾਬ ਦੀ ਟੀਮ ਨੂੰ ਹਾਸਿਲ ਹੋਈ। ਉਹਨਾਂ ਅੱਗੇ ਦੱਸਿਆ ਕਿ ਉਦੇਪਾਲ ਪਹਿਲਾਂ ਜ਼ਿਲਾ ਪੱਧਰੀ ਟ੍ਰਾਇਲ ‘ਚ ਕੁਆਲੀਫਾਈ ਕੀਤਾ ਅਤੇ ਬਾਅਦ ਵਿੱਚ ਸੂਬਾ ਪੱਧਰੀ ਟ੍ਰਾਇਲ ਵਿੱਚ ਕੁਆਲੀਫਾਈ ਕਰਨ ਮਗਰੋਂ ਉਹ ਪੰਜਾਬ ਦੀ ਟੀਮ ਵਿੱਚ ਚੁਣਿਆ। ਸਕੂਲ ਪ੍ਰਿੰਸੀਪਲ ਵੱਲੋਂ ਸਵੇਰ ਦੀ ਸਭਾ ਮੌਕੇ ਉਚੇਚੇ ਤੌਰ ਤੇ ਉਦੇਪਾਲ ਨੂੰ ਸਟੇਜ਼ ਤੇ ਬੁਲਾ ਕੇ ਉਸਦਾ ਸਨਮਾਨ ਕੀਤਾ ਗਿਆ। ਸਕੂਲ਼ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਉਦੈਪਾਲ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਇਸ ਵਿਦਿਆਰਥੀ ਦੀ ਪ੍ਰਾਪਤੀ ਸਕੂਲ਼ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ ਅਤੇ ਬੀ.ਬੀ.ਐੱਸ. ਸੰਸਥਾ ਇਸ ਗੱਲ ਨੂੰ ਯਕੀਨੀ ਬਣਾਵੇਗੀ ਕਿ ਐਸੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਹੁਨਰ ਅਤੇ ਖੇਡ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਸਾਧਨ ਅਤੇ ਖੇਡ ਮੈਦਾਨ ਮੁਹੱਇਆ ਕਰਵਾਇਆ ਜਾਵੇ। ਇਸ ਮੌਕੇ ਸਮੁਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।