ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਝੋਨੇ ਦੀ ਖਰੀਦ ਕਰਵਾਈ ਸ਼ੁਰੂ
ਕਿਹਾ ! ਝੋਨੇ ਦੀ ਖਰੀਦ/ਵੇਚ ਨਾਲ ਜੁੜੇ ਕਿਸੇ ਵੀ ਵਰਗ ਨੂੰ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ-------
- ਕੁੱਲ 1622 ਮੀਟ੍ਰਿਕ ਟਨ ਝੋਨੇ ਵਿੱਚੋਂ 722 ਐਮ.ਟੀ ਝੋਨੇ ਦੀ ਖਰੀਦ, ਆਉਂਦੇ ਦਿਨਾਂ ਵਿੱਚ ਹੋਰ ਤੇਜ ਗਤੀ ਨਾਲ ਚੱਲੇਗਾ ਕੰਮ--------
ਮੋਗਾ 11 ਅਕਤੂਬਰ-( ਜਸ਼ਨ, ਸਟਰਿੰਗਰ ਦੂਰਦਰਸ਼ਨ ) :ਜ਼ਿਲ੍ਹਾ ਮੋਗਾ ਦੀ ਕਿਸੇ ਵੀ ਦਾਣਾ ਮੰਡੀ ਵਿੱਚ ਕਿਸੇ ਵੀ ਕਿਸਾਨ ਨੂੰ ਝੋਨਾ ਵੇਚਣ ਵਿੱਚ ਸਮੱਸਿਆ ਦਾ ਸਾਹਮਣਾ ਕਰਨ ਨਹੀਂ ਦਿੱਤਾ ਜਾਵੇਗਾ। ਜ਼ਿਲ੍ਹਾ ਮੋਗਾ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ, ਲੇਬਰ ਅਤੇ ਢੋਆ ਢੋਆਈ ਦੇ ਪ੍ਰਬੰਧ ਵੀ ਪੂਰਨ ਤੌਰ ਤੇ ਮੁਕੰਮਲ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਦੀ ਨਵੀਂ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ ,ਨਗਰ ਨਿਗਮ ਮੋਗਾ ਦੇ ਮੇਅਰ ਸ੍ਰ ਬਲਜੀਤ ਸਿੰਘ ਚਾਨੀ, ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀਮਤੀ ਗੀਤਾ ਬਿਸ਼ੰਭੂ, ਐਸ.ਡੀ.ਐਮ ਮੋਗਾ ਸ਼੍ਰ ਸਾਰੰਗਪ੍ਰੀਤ ਸਿੰਘ ਔਜਲਾ ਤੇ ਹੋਰ ਵੀ ਅਧਿਕਾਰੀ ਤੇ ਆੜਤੀਏ ਮੌਜੂਦ ਸਨ।
ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆੜਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਭਰੋਸਾ ਦਿਵਾਇਆ ਝੋਨੇ ਦੀ ਖਰੀਦ ਦਾ ਕੰਮ ਨਿਰੰਤਰ ਜਾਰੀ ਰੱਖਿਆ ਜਾਵੇਗਾ ਜੇਕਰ ਇਸ ਨਾਲ ਸਬੰਧਤ ਕਿਸੇ ਵੀ ਵਰਗ ਨੂੰ ਸਮੱਸਿਆ ਦਾ ਸਾਹਮਣਾ ਆਉਂਦਾ ਹੈ ਤਾਂ ਉਸਦਾ ਢੁਕਵਾਂ ਹੱਲ ਤੁਰੰਤ ਪ੍ਰਭਾਵ ਨਾਲ ਕੀਤਾ ਜਾਵੇਗਾ। ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਦੀਆਂ ਮੰਡੀਆਂ ਵਿੱਚ ਹੁਣ ਤੱਕ ਕੁੱਲ 1622 ਮੀਟ੍ਰਿਕ ਟਨ ਝੋਨਾ ਪਹੁੰਚ ਚੁੱਕਿਆ ਹੈ ਜਿਸ ਵਿੱਚੋਂ 722 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਖਰੀਦ ਦੀ ਗਤੀ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਮੰਡੀਆਂ ਵਿੱਚੋਂ ਤੇਜ ਗਤੀ ਨਾਲ ਇਸ ਝੋਨੇ ਦੀ ਚੁਕਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਖਰੀਫ਼ ਸੀਜ਼ਨ 2024-25 ਦੌਰਾਨ ਝੋਨੇ ਦੀ ਕੁਲ 14,17,000 ਮੀਟਰਕ ਟਨ ਆਮਦ ਹੋਣ ਦੀ ਸੰਭਾਵਨਾ ਹੈ। ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਖਰੀਦ ਲਈ ਕੁੱਲ 108 ਖਰੀਦ ਕੇਂਦਰ ਘੋਸ਼ਿਤ ਕੀਤੇ ਗਏ ਹਨ। ਸਰਕਾਰ ਵਲੋਂ ਖਰੀਦ ਏਜੰਸੀਆਂ ਲਈ ਖਰੀਦ ਟੀਚੇ ਨਿਰਧਾਰਿਤ ਕੀਤੇ ਗਏ ਹਨ, ਜਿਸ ਤਹਿਤ ਪਨਗ੍ਰੇਨ 34 ਫੀਸਦੀ , ਪਨਸਪ 22 ਫੀਸਦੀ, ਮਾਰਕਫੈੱਡ 26 ਫੀਸਦੀ, ਵੇਅਰ ਹਾਊਸ 13 ਫੀਸਦੀ, ਐਫ. ਸੀ. ਆਈ. 5 ਫੀਸਦੀ ਖਰੀਦ ਕਰਨਗੀਆਂ। ਉਹਨਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਕੁੱਲ 361 ਚੌਲ ਮਿੱਲਾਂ ਹਨ, ਜਿਸ ਵਿਚੋਂ ਲਗਭਗ ਸਾਰੀਆਂ ਮਿੱਲਾਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ। ਸਰਕਾਰ ਵਲੋਂ ਝੋਨੇ ਵਿੱਚ ਨਮੀ ਦੀ ਵੱਧ ਤੋਂ ਵੱਧ ਮਾਤਰਾ 17 ਫੀਸਦੀ ਨਿਰਧਾਰਿਤ ਕੀਤੀ ਗਈ ਹੈ। ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।
ਜ਼ਿਲ੍ਹਾ ਮੋਗਾ ਵਿੱਚ ਲੇਬਰ ਅਤੇ ਢੋਆ ਦੁਆਈ, ਫੜਾਂ ਦੀ ਸਫਾਈ, ਪੀਣ ਦੇ ਪਾਣੀ, ਬਿਜਲੀ, ਛਾਂ, ਨਮੀ ਮਾਪਣ ਵਾਲੇ ਯੰਤਰ ਆਦਿ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਉਹਨਾਂ ਕਿਹਾ ਕਿ ਖਰੀਫ਼ ਸੀਜ਼ਨ ਦੌਰਾਨ ਹਰ ਆੜਤੀਏ ਵਲੋਂ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਕਿਸਾਨਾਂ ਦੇ ਭੋਂ ਵੇਰਵਿਆਂ ਨੂੰ ਪੰਜਾਬ ਮੰਡੀ ਬੋਰਡ ਦੇ ਈ ਮੰਡੀਕਰਨ ਪੋਰਟਲ ਅਤੇ ਖ਼ੁਰਾਕ ਸਪਲਾਈਜ਼ ਵਿਭਾਗ ਦੇ ਅਨਾਜ ਖਰੀਦ ਪੋਰਟਲ ਉੱਤੇ ਦਰਜ ਅਤੇ ਤਸਦੀਕ ਕੀਤੇ ਜਾਣ ਅਤੇ ਕਿਸਾਨ ਵਲੋਂ ਲਿਆਂਦੀ ਗਈ ਫਸਲ ਦਰਜ ਕੀਤੀ ਭੂਮੀ ਦੇ ਅਨੁਪਾਤ ਵਿੱਚ ਹੀ ਹੋਵੇ ।