ਭਾਜਪਾ ਦੀ ਹਰਿਆਣਾ ਚ ਸ਼ਾਨਦਾਰ ਜਿੱਤ ਦੀਆਂ ਡਾ. ਹਰਜੋਤ ਕਮਲ ਨੇ ਦਿੱਤੀਆਂ ਵਧਾਈਆਂ
ਹੁਣ ਪੰਜਾਬੀ ਵੀ ਭਾਜਪਾ ਦੀ ਸਰਕਾਰ ਬਣਾਉਣ ਨੂੰ ਹੋਏ ਪੱਬਾ ਭਾਰ
ਮੋਗਾ, 8 ਅਕਤੂਬਰ ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਤੀਸਰੀ ਵਾਰ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ. ਨਰਿੰਦਰ ਮੋਦੀ ਜੀ ਪ੍ਰਤੀ ਬਹੁਤ ਹੀ ਪਿਆਰ ਆਦਰ ਸਨਮਾਨ ਅਤੇ ਸਨੇਹ ਹੈ। ਜਿਸਦੇ ਸਦਕਾ ਲੋਕ ਹੁਣ ਭਾਰਤੀ ਜਨਤਾ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ ਅਤੇ ਭਾਜਪਾ ਦਾ ਗ੍ਰਾਫ ਦਿਨੋਂ ਦਿਨ ਬੁਲੰਦੀਆਂ ਵੱਲ਼ ਨੂੰ ਵਧ ਰਿਹਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਮੋਗਾ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਸੈਕਟਰੀ ਡਾ. ਹਰਜੋਤ ਕਮਲ ਨੇ ਕੀਤਾ। ਡਾ. ਹਰਜੋਤ ਕਮਲ ਨੇ ਸਮੂਹ ਭਾਜਪਾ ਵਰਕਰਾਂ ਅਤੇ ਆਮ ਲੋਕਾਂ ਨੂੰ ਇਸ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐਗਜਿਸ ਪੋਲ ਰਾਂਹੀ ਲਗਾਏ ਸਾਰੇ ਅੰਦਾਜਿਆਂ ਦੇ ਉਲਟ ਨਤੀਜੇ ਰਹੇ ਅਤੇ ਜੋ ਭਾਜਪਾ ਨੂੰ ਹਰਿਆਣਾ ਤੋਂ ਸਾਫ਼ ਕਰਨ ਦੀਆਂ ਆਸਕਿਆਈਆ ਲਗਾਈਆਂ ਜਾ ਰਹੀਆਂ ਸਨ, ਉਹਨਾਂ ਦੇ ਬਿਲਕੁਲ ਪਾਣੀ ਫਿਰ ਗਿਆ ਅਤੇ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਆਪਣੀ ਜਿੱਤ ਹੈ ਅਤੇ ਇਸ ਵਾਰ ਹਰਿਆਣਾ ਦੇ ਪਿੰਡਾਂ ਵਿੱਚੋਂ ਵੀ ਭਾਜਪਾ ਨੂੰ ਬਹੁਤ ਵੋਟ ਮਿਲੀ ਹੈ, ਜਿਸ ਨਾਲ ਭਾਜਪਾ ਵਰਕਰਾਂ ਦਾ ਹੌਂਸਲਾ ਵਧਿਆ ਹੈ ਅਤੇ ਹੁਣ ਭਾਜਪਾ ਹੋਰ ਵੀ ਤਕੜੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਵੀ ਇਹ ਸੋਚਣ ਲਈ ਮਜ਼ਬੂਰ ਹਨ ਕਿ ਪੰਜਾਬ ਨੂੰ ਭਾਜਪਾ ਵਰਗੀ ਸ਼ਕਤੀਸ਼ਾਲੀ ਸਰਕਾਰ ਦੀ ਜ਼ਰੂਰਤ ਹੈ ਜੋਂ ਪੰਜਾਬ ਵਿੱਚ ਸ਼ਾਂਤੀਪੂਰਵਕ ਮਾਹੌਲ ਸਿਰਜ ਕੇ ਲੋਕਾਂ ਵਿੱਚੋਂ ਡਰ ਅਤੇ ਸਹਿਮ ਦੇ ਮਾਹੌਲ ਨੂੰ ਖ਼ਤਮ ਕਰ ਸਕੇ। ਡਾ. ਹਰਜੋਤ ਕਮਲ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਲੋਕ ਹੁਣ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਪੱਬਾ ਭਾਰ ਹੋਏ ਬੈਠੇ ਹਨ ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਜੋ ਧੱਕੇਸ਼ਾਹੀ ਸਰਪੰਚੀ ਦੇ ਇਲੈਕਸ਼ਨਾਂ ਵਿੱਚ ਕੀਤੀ ਹੈ, ਉਸ ਨਾਲ ਲੋਕਤੰਤਰ ਦਾ ਘਾਣ ਹੋਇਆ ਹੈ ਅਤੇ ਲੋਕ ਹੁਣ ਇਸਦਾ ਬਦਲਾ ਲੈਣ ਲਈ ਬਿਲਕੁਲ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਬਣਨ ਤੋਂ ਪਹਿਲਾਂ ਇਨ੍ਹਾਂ ਦੇ ਲੀਡਰਾਂ ਨੇ ਕਿਹਾ ਸੀ ਅਸੀਂ ਵੋਟਾਂ ਮੰਗਣ ਨਹੀਂ ਜਾਵਾਂਗੇ ਜੇ ਅਸੀਂ ਕੰਮ ਕੀਤਾ ਹੋਇਆ ਤਾਂ ਲੋਕ ਸਾਨੂੰ ਵੋਟਾਂ ਦੇਂਣਗੇ, ਪਰ ਇਨ੍ਹਾਂ ਨੇ ਸਰਪੰਚੀ ਦੀਆਂ ਚੋਣਾਂ ਵਿੱਚ ਸ਼ਰੇਆਮ ਧੱਕੇਸ਼ਾਹੀ ਕਰਕੇ ਇਹ ਸਾਬਿਤ ਕੀਤਾ ਹੈ ਕਿ ਇਨ੍ਹਾਂ ਨੇ ਵਿਕਾਸ ਦੇ ਨਾਮ ਤੇ ਇੱਕ ਰੁਪਈਆ ਵੀ ਨਹੀਂ ਖਰਚਿਆ ਤਾਂ ਹੀ ਇਨ੍ਹਾਂ ਨੂੰ ਧੱਕੇਸ਼ਾਹੀ ਕਰਨੀ ਪਈ ਕਿਉਂਕਿ ਪਿੰਡਾਂ ਦੇ ਲੋਕ ਇਨ੍ਹਾਂ ਤੋਂ ਬਹੁਤ ਦੁਖੀ ਹਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਜੋ ਜਖ਼ਮ ਦਿੱਤੇ ਹਨ, ਉਨ੍ਹਾਂ ਦਾ ਬਦਲਾ ਹੁਣ ਸਰਪੰਚੀ ਦੀਆਂ ਚੋਣਾਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਜਰੂਰ ਲੈਣਗੇ ਅਤੇ ਇਨ੍ਹਾਂ ਨੂੰ ਦੱਸਣਗੇ ਕਿ ਧੱਕੇਸ਼ਾਹੀ ਦਾ ਨਤੀਜਾ ਕੀ ਹੁੰਦਾ ਹੈ। ਡਾ. ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੰਮੂ-ਕਸ਼ਮੀਰ ਵਿੱਚ ਵੀ ਭਾਜਪਾ ਨੂੰ ਆਸ ਮੁਤਾਬਿਕ ਨਤੀਜੇ ਮਿਲੇ ਹਨ ਅਤੇ ਉਥੇ ਚੋਣਾਂ ਬਿਲਕੁਲ ਨਿਰਪੱਖ ਤਰੀਕੇ ਨਾਲ ਪੂਰਨ ਸ਼ਾਂਤੀਪੂਰਵਕ ਪਈਆਂ ਹਨ ਅਤੇ ਕਿਤੇ ਵੀ ਕੋਈ ਹਿੰਸਕ ਘਟਨਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦੀ ਸਭ ਤੋਂ ਵੱਡੀ ਜਿੱਤ ਹੈ।