ਹਲਕਾ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸੜਕਾਂ ਨੂੰ ਜਲਦੀ ਤੋਂ ਜਲਦੀ ਚੌੜਾ ਕਰਨ ਦੀ ਕੀਤੀ ਮੰਗ
ਡਾ: ਅਮਨਦੀਪ ਕੌਰ ਅਰੋੜਾ ਨੇ, ਨੈਸ਼ਨਲ ਹਾਈਵੇ ਨਾਲ ਜੁੜਦੀਆਂ ਸੜਕਾਂ ਦੀ ਸਮੱਸਿਆ,ਬਾਰੇ ਪਾਇਆ ਚਾਨਣਾ
ਮੋਗਾ, 5 ਸਤੰਬਰ (ਜਸ਼ਨ) - ਅੱਜ 16ਵੀਂ ਵਿਧਾਨ ਸਭਾ ਦੇ ਸੱਤਵੇਂ ਇਜਲਾਸ ਦੌਰਾਨ ਮੋਗਾ ਹਲਕੇ ਦੀ ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਨੇ ਨੈਸ਼ਨਲ ਹਾਈਵੇਅ ਨਾਲ ਜੁੜਦੀਆਂ ਸੜਕਾਂ ਦੀ ਸਮੱਸਿਆ ਬਾਰੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਚਾਨਣਾ ਪਾਇਆ | ਇਸ ਸਬੰਧੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਨੇ ਦੱਸਿਆ ਕਿ ਹਲਕਾ ਮੋਗਾ ਚਾਰੋਂ ਪਾਸਿਓਂ ਨੈਸ਼ਨਲ ਹਾਈਵੇਅ ਨਾਲ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਕੌਮੀ ਮਾਰਗਾਂ ਨਾਲ ਜੁੜਨ ਵਾਲੀਆਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੌਰਾਨ ਮੋਗਾ ਦੇ ਕੌਮੀ ਮਾਰਗ ਨੂੰ ਜੋੜਨ ਵਾਲੀ ਸੜਕ, ਮੋਗਾ ਦੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਚੌਕ ਤੋਂ ਲੁਹਾਰਾ ਚੌਕ, ਮੋਗਾ ਤੋਂ ਜੀਰਾ ਚੌਕ ਤੱਕ, ਕੋਟਕਪੂਰਾ ਬਾਈਪਾਸ ਤੋਂ ਬਰਨਾਲਾ ਬਾਈਪਾਸ ਨੂੰ ਜੋੜਨ ਵਾਲੀ ਸੜਕ, ਮੋਗਾ ਤੋਂ ਕੋਟਕਪੂਰਾ ਰੋਡ ਨੂੰ ਜੋੜਨ ਵਾਲੀ ਸੜਕ ਦੀ ਚੌੜਾਈ ਬਹੁਤ ਘੱਟ ਹੈ | ਜਿਸ ਕਾਰਨ ਇੱਥੇ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਹ ਸੜਕਾਂ ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਵਾਹਨਾਂ ਨਾਲ ਭਰੀਆਂ ਰਹਿੰਦੀਆਂ ਹਨ। ਕਿਸਾਨ ਆਪਣੀ ਫ਼ਸਲ ਵੇਚਣ ਲਈ ਇਨ੍ਹਾਂ ਸੜਕਾਂ ਰਾਹੀਂ ਮੋਗਾ ਸ਼ਹਿਰ ਦੀਆਂ ਮੰਡੀਆਂ ਵਿੱਚ ਦਾਖ਼ਲ ਹੁੰਦੇ ਹਨ। ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਤੋਂ ਮੋਗਾ ਦੀਆਂ ਇਨ੍ਹਾਂ ਸੜਕਾਂ ਨੂੰ ਜਲਦੀ ਤੋਂ ਜਲਦੀ ਚੌੜਾ ਕਰਨ ਦੀ ਮੰਗ ਕੀਤੀ ।