ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸ਼ੁਰੂ ਕਰਵਾਇਆ ਪੰਜ ਰੋਜਾ ਬੱਕਰੀ ਪਾਲਣ ਦਾ ਕੋਰਸ ਸਫ਼ਲਤਾਪੂਰਵਕ ਸੰਪੰਨ

ਮੋਗਾ, 29 ਅਗਸਤ(ਜਸ਼ਨ): ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਮੋਗਾ ਵੱਲੋਂ ਸ਼ੁਰੂ ਕਰਵਾਏ ਗਏ ਪੰਜ ਰੋਜਾ ਬੱਕਰੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਦਾ ਸਫ਼ਲਤਾਪੂਰਵਕ ਸਮਾਪਨ ਹੋ ਗਿਆ ਹੈ। ਇਹ ਸਿਖਲਾਈ ਕੋਰਸ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਅਮਨਦੀਪ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਕਰਵਾਇਆ। ਇਸ ਟ੍ਰੇਨਿੰਗ ਕੋਰਸ ਦਾ ਬਹੁਤ ਗਿਣਤੀ ਵਿੱਚ ਨੌਜਵਾਨਾਂ, ਕਿਸਾਨਾਂ, ਕਿਸਾਨ ਬੀਬੀਆਂ ਨੇ ਲਾਹਾ ਪ੍ਰਾਪਤ ਕੀਤਾ। ਕੋਰਸ ਦਾ ਲਾਹਾ ਮੋਗਾ ਤੋਂ ਇਲਾਵਾ ਫਰੀਦਕੋਟ, ਫਿਰੋਜ਼ਪੁਰ ਦੇ ਕਿਸਾਨਾਂ ਵੱਲੋਂ ਵੀ ਲਿਆ ਗਿਆ।
ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕੋਰਸ ਤੋਂ ਇਲਾਵਾ ਭਾਗੀਦਾਰਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ ਅਤੇ ਨਾਲ ਹੀ ਬੇਰੋਜ਼ਗਾਰ ਨੌਜਵਾਨਾਂ ਨੂੰ ਇਸ ਕਿੱਤੇ ਨਾਲ ਜੁੜਨ ਲਈ ਪ੍ਰੇਰਿਆ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਅਸਿਸਟੈਂਟ ਪ੍ਰੋਫਸਰ (ਐਨੀਮਲ ਸਾਇੰਸ) ਡਾ. ਪ੍ਰਭਜੋਤ ਕੌਰ ਸਿੱਧੂ ਵੱਲੋਂ ਬੱਕਰੀਆਂ ਦੀਆਂ ਨਸਲਾਂ, ਸਾਂਭ-ਸੰਭਾਲ, ਸੈੱਡਾਂ ਦੀ ਬਣਤਰ, ਫੀਡਿੰਗ ਅਤੇ ਬਿਮਾਰੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਬੈਂਕ ਵੱਲੋਂ ਲੋਨ ਅਤੇ ਬੀਮਾ ਪਾਲਿਸੀ ਸਹੂਲਤਾਂ ਸਬੰਧੀ ਜਾਣਕਾਰੀ ਜ਼ਿਲ੍ਹਾ ਲੀਡ ਮੈਨੇਜਰ ਮੋਗਾ ਸਰਿਤਾ ਜੈਸਵਾਲ ਵੱਲੋਂ ਮੁਹੱਈਆ ਕਰਵਾਈ ਗਈ ਅਤੇ ਕਿਸਾਨਾਂ ਨੇ ਇਸ ਟ੍ਰੇਨਿੰਗ ਨੂੰ ਭਰਵਾਂ ਹੁੰਗਾਰਾ ਵੀ ਦਿੱਤਾ।
ਸ੍ਰੀ ਸ਼ਿਵਮ ਭੱਲਾ ਅਤੇ ਸ੍ਰੀ ਹਰਜੀਤ ਸਿੰਘ ਐਕਸਟੇਸ਼ਨ ਆਫਿਸਰਜ਼, ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਅਤੇ ਸਬਸਿਡੀਆਂ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਇਆ ਅਤੇ ਭਵਿੱਖ ਵਿੱਚ ਹਰ ਸੰਭਵ ਕਿਸਾਨਾਂ ਦੀ ਮੱਦਦ ਕਰਨ ਦਾ ਦਾਅਵਾ ਕੀਤਾ। ਅੰਤ ਵਿੱਚ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸ਼ਾਮਿਲ ਸਮੂਹ ਭਾਗੀਦਾਰਾਂ ਅਤੇ ਵੱਖ ਵੱਖ ਵਿਭਾਗ ਵੱਲੋਂ ਪਹੁੰਚੇ ਮੁਖੀਆਂ ਦਾ ਧੰਨਵਾਦ ਡਾ. ਪ੍ਰਭਜੋਤ ਕੌਰ ਸਿੱਧੂ ਵੱਲੋਂ ਕੀਤਾ ਗਿਆ।