ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਸਰੀ ਸਕੂਲ 'ਚ ਨੰਨੀਆਂ-ਮੁੰਨੀਆਂ ਬੱਚੀਆਂ ਨੇ ਮਨਾਇਆ ‘ਤੀਜ’ ਦਾ ਤਿਉਹਾਰ
*ਤੀਜ ਦਾ ਤਿਉਹਾਰ ਆਪਸੀ ਪਿਆਰ ਅਤੇ ਖੁਸ਼ੀਆਂ-ਖੇੜਿਆਂ ਦਾ ਤਿਉਹਾਰ : ਕਮਲ ਸੈਣੀ
ਮੋਗਾ, 12 ਅਗਸਤ (ਜਸ਼ਨ): ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਹਿੱਸਾ ਬਲੂਮਿੰਗ ਬਡਜ਼ ਏ.ਬੀ.ਸੀ. ਮੋਨਟੈਸਰੀ ਸਕੂਲ ਵਿੱਚ ਨੰਨੀਆਂ-ਮੁੰਨੀਆਂ ਬੱਚੀਆਂ ਵੱਲੋਂ ਗਰੁੱਪ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ‘ਤੀਜ’ ਦਾ ਤਿਉਹਾਰ ਮਨਾਇਆ ਗਿਆ। ਸਾਰੀਆਂ ਬੱਚੀਆਂ ਪੰਜਾਬੀ ਸੱਭਿਆਚਾਰ ਦੀ ਝਲਕ ਬਿਖੇਰਦੀਆਂ ਹੋਈਆਂ ਪੰਜਾਬੀ ਪਹਿਰਾਵਿਆਂ ਵਿੱਚ ਬਹੁਤ ਹੀ ਮਨਮੋਹਕ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਬੱਚੀਆਂ ਦੁਆਰਾ ਪੰਜਾਬੀ ਬੋਲੀਆਂ ਉੱਪਰ ਅਤੇ ਪੰਜਾਬੀ ਗੀਤਾਂ ਤੇ ਪੰਜਾਬ ਦਾ ਲੋਕਨਾਚ ‘ਗਿੱਧਾ’ ਪੇਸ਼ ਕੀਤਾ ਗਿਆ। ਚੇਅਰਪਰਸਨ ਮੈਡਮ ਕਮਲ ਸੈਣੀ ਨੇ ਨੰਨ੍ਹੇ-ਮੁੰਨੇ ਬੱਚਿਆਂ ਦੀ ਹੋੋਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਤੇ ਮਾਣ ਹੋਣਾ ਚਾਹੀਦਾ ਹੈ। ਸਾਡਾ ਸੱਭਿਆਚਾਰ ਬੜ੍ਹਾ ਹੀ ਗੌਰਵਸ਼ਾਲੀ ਹੈ। ਉਹਨਾਂ ਕਿਹਾ ਕਿ ਪੰਜਾਬੀ ਲੋਕ ਹਰ ਤਰ੍ਹਾਂ ਦੀ ਸਥਿਤੀ ਦਾ ਮੁਕਾਬਲਾ ਹੱਸ ਕੇ ਕਰਦੇ ਹਨ ਅਤੇ ਆਪਣੀ ਬਹਾਦਰੀ ਅਤੇ ਮੌਜ-ਮਸਤੀ ਲਈ ਸਾਰੇ ਵਿਸ਼ਵ ਵਿੱਚ ਪ੍ਰਸਿੱਧ ਹਨ। ਉਹਨਾਂ ਅੱਗੇ ਕਿਹਾ ਕਿ ‘ਤੀਜ’ ਸਾਵਣ ਮਹੀਨੇ ਦਾ ਤਿਉਹਾਰ ਹੈ ਜੋ ਕਿ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਉਹਨਾਂ ਬੱਚੀਆਂ ਨੂੰ ਵਧੀਆ ਗਿੱਧਾ ਪੇਸ਼ ਕਰਨ ਲਈ ਸ਼ਾਬਾਸ਼ੀ ਦਿੱਤੀ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਸ਼ਰਮਾ ਨੇ ਬੱਚੀਆਂ ਨੂੰ ਦੱਸਿਆ ਕਿ ਸਾਨੂੰ ਸਾਰੇ ਦਿਨ-ਤਿਉਹਾਰ ਪੂਰੇ ਉਤਸ਼ਾਹ ਅਤੇ ਉਮੰਗ ਨਾਲ ਮਨਾਉਣੇ ਚਾਹੀਦੇ ਹਨ ਕਿਉਂਕਿ ਇਹ ਤਿਉਹਾਰ ਅਤੇ ਇਹ ਮੇਲੇ ਹੀ ਸਾਡੇ ਸੱਭਿਆਚਾਰ ਦੀ ਅਸਲੀ ਪਹਿਚਾਣ ਹਨ। ਇਸ ਤਰ੍ਹਾਂ ਦੇ ਦਿਨ ਤਿਉਹਾਰ ਸਾਡੇ ਜੀਵਨ ਵਿੱਚ ਖੁਸ਼ੀਆਂ-ਖੇੜੇ ਅਤੇ ਰੌਣਕ ਲੈਕੇ ਆਉਂਦੇ ਹਨ। ਅੰਤ ਵਿੱਚ ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪ੍ਰਿੰਸੀਪਲ ਸੋਨੀਆ ਸ਼ਰਮਾ ਵੱਲੋਂ ਸਾਰੇ ਸਟਾਫ ਨੂੰ ‘ਤੀਜ’ ਦੀ ਵਧਾਈ ਦਿੱਤੀ ਗਈ।