ਰਾਜਵਿੰਦਰ ਸਿੰਘ ਰਾਜੂ ਬਘੇਲੇਵਾਲਾ ਦੇ ਸੁਸਾਇਟੀ ਪ੍ਰਧਾਨ ਚੁਣੇ ਜਾਣ ਤੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕੀਤਾ ਸਨਮਾਨਿਤ

ਮੋਗਾ, 9  ਜੂਨ (ਜਸ਼ਨ   )-ਅੱਜ ਪਿੰਡ ਬਘੇਲੇਵਾਲਾ ਅਤੇ ਸੋਸਣ ਵਿਖੇ ਸਰਬਸੰਮਤੀ ਨਾਲ ਕੋਆਪ੍ਰਟਿਵ ਸੁਸਾਇਟੀ ਦੀ ਚੋਣ ਕੀਤੀ ਗਈ। ਇਸ ਚੋਣ ਵਿਚ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਬਘੇਲੇਵਾਲਾ ਅਤੇ ਮੈਂਬਰ ਗੁਰਤੇਜ ਸਿੰਘ, ਹਰਬੰਸ ਸਿੰਘ, ਮੋਹਨ ਸਿੰਘ, ਜਸਵਿੰਦਰ ਕੌਰ, ਬਲਜਿੰਦਰ ਸਿੰਘ, ਸਪੂੰਰਨ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਤੇ ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਪਿੰਡ ਬਘੇਲੇਵਾਲਾ ਅਤੇ ਸੋਸਣ ਵਿਖੇ ਬਿਨ੍ਹਾਂ ਲੜਾਈ ਝਗੜੇ ਤੋਂ ਸਰਬਸੰਮਤੀ ਨਾਲ ਚੋਣ ਹੋਈ ਹੈ। ਅਸੀਂ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਦੇ ਹਾਂ। ਅਸੀਂ ਕਾਮਨਾ ਕਰਦੇ ਹਾਂ ਕਿ ਸੁਸਾਇਟੀ ਆਉਣ ਵਾਲੇ ਦਿਨਾਂ ਵਿਚ ਚੰਗਾ ਕੰਮ ਕਰੇਗੀ। ਉਹਨਾਂ ਸਾਰੀ ਚੁਣੀ ਗਈ ਨਵੀਂ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿਚ ਲਿਆਉਣ ਜਿਸਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਨਵੇਂ ਚੁਣੇ ਗਏ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਤੇ ਮੈਂਬਰਾਂ ਨੇ ਕਿਹਾ ਕਿ ਜੋ ਉਹਨਾਂ ਤੇ ਜੁੰਮੇਵਾਰੀ ਸੌਪੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।