ਕਣਕ ਦੀ ਖ੍ਰੀਦ ਦਾ ਸੀਜ਼ਨ ਪ੍ਰਭਾਵਸ਼ਾਲੀ ਖ੍ਰੀਦ ਪ੍ਰਬੰਧਾਂ ਸਦਕਾ ਸਫ਼ਲਤਾਪੂਰਵਕ ਸੰਪੰਨ,ਮੋਗਾ ਦੇ ਕਿਸਾਨਾਂ ਨੂੰ ਕਣਕ ਦੀ 1462 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ:ਡਿਪਟੀ ਕਮਿਸ਼ਨਰ
ਮੋਗਾ, 26 ਮਈ: (ਜਸ਼ਨ) ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਕਣਕ ਦੇ 2023-24 ਦੇ ਵਰਤਮਾਨ ਸੀਜਨ ਦੌਰਾਨ 1462 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਇਸ ਸਾਲ ਦਾ ਕਣਕ ਦੀ ਖ੍ਰੀਦ ਦਾ ਸੀਜ਼ਨ ਕਿਸਾਨਾਂ ਨੂੰ ਵਧੀਆ ਖ੍ਰੀਦ ਸਹੂਲਤਾਂ ਮੁਹੱਈਆ ਕਰਵਾਉਣ ਕਰਕੇ ਸਫ਼ਲਤਾਪੂਰਵਕ ਸੰਪੰਨ ਹੋ ਗਿਆ ਹੈ। ਜਦ ਕਿ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕੁੱਲ 692702 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਅਤੇ 25 ਮਈ ਤੱਕ ਇਸ ਸਾਰੀ ਕਣਕ ਦੀ ਖਰੀਦ ਵੀ ਹੋ ਚੁੱਕੀ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਮੋਗਾ ਜ਼ਿਲ੍ਹੇ ਵਿਚ ਕਣਕ ਦੀ ਜਿਆਦਾ ਪੈਦਾਵਾਰ ਅਤੇ ਜਿਆਦਾ ਸਰਕਾਰੀ ਖਰੀਦ ਹੋਈ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪਨਗ੍ਰੇਨ ਵੱਲੋਂ 204998 ਮੀਟ੍ਰਿ਼ਕ ਟਨ, ਮਾਰਕਫੈੱਡ ਵੱਲੋਂ 153576 ਮੀਟ੍ਰਿਕ ਟਨ, ਪਨਸਪ ਵੱਲੋਂ 147017, ਪੰਜਾਬ ਵੇਅਰਹਾਊਸ ਵੱਲੋਂ 93243 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 90832 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ 3036 ਮੀਟ੍ਰਿਕ ਟਨ ਕਣਕ ਦੀ ਖ੍ਰੀਦ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿ ਮੰਡੀਆਂ ਵਿਚ ਖਰੀਦ ਸੀਜਨ ਬੀਤੇ ਕੱਲ ਸਮਾਪਤ ਹੋ ਗਿਆ ਹੈ ਅਤੇ 72 ਘੰਟੇ ਵਿਚ ਲਿਫਟਿੰਗ ਕਰਨ ਦੇ ਨਿਯਮ ਅਨੁਸਾਰ ਜ਼ਿਲ੍ਹੇ ਵਿਚ 100 ਫੀਸਦੀ ਲਿਫਟਿੰਗ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਤੋਂ ਖਰੀਦ ਕੀਤੀ ਕਣਕ ਦੀ 99.76 ਫੀਸਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਨੇ ਕਣਕ ਦੀ ਖਰੀਦ ਵਿਚ ਸਹਿਯੋਗ ਲਈ ਕਿਸਾਨਾਂ, ਆੜਤੀਆਂ ਅਤੇ ਸਬੰਧਤ ਮਹਿਕਮਿਆਂ ਦਾ ਧੰਨਵਾਦ ਵੀ ਕੀਤਾ।