ਪੰਜਾਬ ਸਰਕਾਰ ਦੀ ਸੁਚੱਜੀ ਦੇਖ-ਰੇਖ ਸਦਕਾ ਖ੍ਰੀਦ ਕੀਤੀ ਕਣਕ ਦੀ ਮੋਗਾ ਦੇ ਕਿਸਾਨਾਂ ਨੂੰ 1126 ਕਰੋੜ ਦੀ ਹੋਈ ਅਦਾਇਗੀ -ਵਿਧਾਇਕ ਡਾ.ਅਮਨਦੀਪ ਕੌਰ ਅਰੋੜਾ

ਮੋਗਾ,30 ਅਪ੍ਰੈਲ: (ਜਸ਼ਨ):-- ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਣਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਖ੍ਰੀਦਣ ਲਈ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਿਸਾਨਾਂ ਦੀ ਹਿਤੈਸ਼ੀ ਸਰਕਾਰ ਵੱਲੋਂ ਮੰਡੀਆਂ ਦੇ ਖ੍ਰੀਦ ਪ੍ਰਬੰਧਾਂ ਉੱਪਰ ਤਿੱਖੀ ਨਜ਼ਰ ਰੱਖ ਕੇ ਖ੍ਰੀਦ/ਲਿਫ਼ਟਿੰਗ ਦੇ ਕੰਮਾਂ ਨੂੰ ਤੇਜ਼ੀ ਨਾਲ ਚਲਵਾਇਆ ਜਾ ਰਿਹਾ ਹੈ ਤਾਂ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਿਸਾਨ ਆਪਣੀ ਫ਼ਸਲ ਸਮੇਂ ਸਿਰ ਵੇਚ ਕੇ ਘਰਾਂ ਨੂੰ ਪਰਤ ਸਕਣ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਮੋਗਾ ਵਿਖੇ ਜ਼ਿਲਾ ਪ੍ਰਸ਼ਾਸ਼ਨ ਦੀ ਸੁਚੱਜੀ ਦੇਖ-ਰੇਖ ਹੇਠ ਖ੍ਰੀਦ/ਲਿਫ਼ਟਿੰਗ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਖ੍ਰੀਦ ਕੀਤੀ ਫ਼ਸਲ ਦੀ ਅਦਾਇਗੀ ਵੀ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਕੀਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਬੀਤੀ ਸ਼ਾਮ ਤੱਕ ਜ਼ਿਲਾ ਮੋਗਾ ਦੇ ਕਿਸਾਨਾਂ ਦੇ ਨੂੰ ਉਨਾਂ ਦੀ 92 ਫੀਸਦੀ ਕਣਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜਿਹੜੀ ਕਿ 1126 ਕਰੋੜ ਰੁਪਏ ਬਣਦੀ ਹੈ।  ਬੀਤੀ ਸ਼ਾਤ ਤੱਕ ਜ਼ਿਲੇ ਦੀਆਂ ਮੰਡੀਆਂ ਵਿੱਚ ਕੁੱਲ 6 ਲੱਖ 31 ਹਜ਼ਾਰ 184 ਮੀਟਿ੍ਰਕ ਟਨ ਕਣਕ ਪੁੱਜੀ, ਜਿਸ ਵਿੱਚੋਂ 98 ਫੀਸਦੀ ਕਣਕ ਦੀ ਖ੍ਰੀਦ ਹੋ ਚੁੱਕੀ ਹੈ। ਕਿਸੇ ਵੀ ਮੰਡੀ ਵਿੱਚ ਕਣਕ ਦਾ ਗਲੱਟ ਨਹੀਂ ਆਉਣ ਦਿੱਤਾ ਜਾ ਰਿਹਾ ਲਿਫ਼ਟਿੰਗ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਖਰੀਦੀ ਕਣਕ ਦੀ 50 ਫੀਸਦੀ ਤੋਂ ਵਧੇਰੇ ਲਿਫ਼ਟਿੰਗ ਵੀ ਕਰਵਾਈ ਜਾ ਚੁੱਕੀ ਹੈ ਅਤੇ ਲਗਾਤਾਰ ਤੇਜੀ ਨਾਲ ਜਾਰੀ ਹੈ।
ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਸਾਰੀਆਂ ਮੰਡੀਆਂ ਵਿੱਚ ਯੋਗ ਬਾਰਦਾਨਾ, ਪਾਣੀ ਦਾ ਪ੍ਰਬੰਧ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧ ਕੀਤੇ ਗਏ ਹਨ। ਹੁਣ ਤੱਕ ਪਨਗ੍ਰੇਨ ਵੱਲੋ  186557 ਐਮ.ਟੀ., ਮਾਰਕਫੈਡ ਵੱਲੋਂ 140124 ਐਮ.ਟੀ., ਪਨਸਪ ਵੱਲੋ 122240 ਐਮ.ਟੀ., ਐਫ.ਸੀ.ਆਈ. ਵੱਲੋਂ 85300 ਐਮ.ਟੀ. ਕਣਕ ਅਤੇ ਪੰਜਾਬ ਵੇਅਰਹਾਊਸ ਵੱਲੋ 86180 ਮੀਟਿ੍ਰਕ ਟਨ ਕਣਕ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ।
ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਦੀ ਕਣਕ ਦਾ ਦਾਣਾ ਦਾਣਾ ਖ੍ਰੀਦ ਕੀਤਾ ਜਾਵੇਗਾ।