ਕਮਿਊਨਟੀ ਹੈਲਥ ਸੈਂਟਰ ਕੋਟ ਈਸੇ ਖਾਂ ਤੇ ਢੁੱਡੀਕੇ ਨੂੰ ਕਾਇਆਕਲਪ ਪ੍ਰੋਗਰਾਮ ਤਹਿਤ ਪੁਰਸਕਾਰ
ਕੋਟ ਇਸੇ ਖਾਂ (ਮੋਗਾ) 10 ਅਪ੍ਰੈਲ (ਜਸ਼ਨ) - ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ਖਾਂ ਅਤੇ ਢੁੱਡੀਕੇ ਨੂੰ ਕਾਇਆਕਲਪ ਪ੍ਰੋਗਰਾਮ ਤਹਿਤ ਪੁਰਸਕਾਰ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਸਿਹਤ ਮੰਤਰੀ ਪੰਜਾਬ ਵੱਲੋ ਦਿਤੇ ਗਏ। ਇਸ ਮੌਕੇ ਜ਼ਿਲ੍ਹਾ ਮੋਗਾ ਦੇ ਮਾਣ ਵਿਚ ਵਾਧਾ ਹੋਇਆ। ਸਨਮਾਨ ਪੱਤਰ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਮੋਗਾ ਬਲਾਕ ਕੋਟ ਈਸੇ ਖਾਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ ਨੇ ਪ੍ਰਾਪਤ ਕੀਤਾ।
ਜਿਕਰਯੋਗ ਹੈ ਕਿ ਇਹ ਪੁਰਸਕਾਰ ਹਸਪਤਾਲ਼ ਵਿਚ ਵਧੀਆ ਸਾਫ਼ ਸਫ਼ਾਈ ਰੱਖਣ, ਸਾਰੇ ਹਸਪਤਾਲ਼ ਦੇ ਵਿਭਾਗਾਂ ਵਿਚ ਦਿਸ਼ਾ-ਨਿਰਦੇਸ਼ਾਂ ਤਹਿਤ ਹੁੰਦੇ ਸੁਚੱਜੇ ਕੰਮ ਕਾਰ, ਸਟਾਫ਼ ਦਾ ਆਪਣੇ ਕੰਮ ਪ੍ਰਤੀ ਹੁਨਰਮੰਦ ਹੋਣ, ਦਸਤਾਵੇਜ਼ ਪੂਰੇ ਰੱਖਣ, ਹਰਿਆਲੀ ਲਈ ਕੀਤੇ ਉੱਦਮ, ਹਰਬਲ ਗਾਰਡਨ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਸੁਚੱਜੀਆਂ ਕ੍ਰਿਆਵਾਂ ਨੂੰ ਵੇਖਦੇ ਹੋਏ ਦਿੱਤਾ ਜਾਂਦਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੇਸ਼ ਅੱਤਰੀ, ਬਲਾਕ ਕੋਟ ਇਸੇ ਖਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਕੋਟ ਈਸੇ ਖਾਂ ਦੇ ਸਾਰੇ ਕਰਮਚਾਰੀ ਬਹੁਤ ਮਿਹਨਤੀ ਹਨ ਅਤੇ ਕਾਇਆਕਲਪ ਪ੍ਰੋਗਰਾਮ ਤਹਿਤ ਇਨਾਮ ਲੈਣ ਲਈ ਸਪੈਸ਼ਲ ਗਠਿਤ ਟੀਮ ਜਿਸਦੇ ਨੋਡਲ ਅਫਸਰ ਡਾ.ਸਮਰਪ੍ਰੀਤ ਕੌਰ ਸੋਢੀ ਹਨ ਨੇ ਅਤੇ ਸਮੂਹ ਕਰਮਚਾਰੀਆਂ ਨੇ ਬਹੁਤ ਮੇਹਨਤ ਕੀਤੀ ਜਿਸਦੇ ਨਤੀਜੇ ਵਜੋਂ ਅੱਜ ਇਹ ਪੁਰਸਕਾਰ ਪ੍ਰਾਪਤ ਹੋਇਆ ਹੈ। ਉਹਨਾਂ ਸਮੂਹ ਬਲਾਕ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ। ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਜੀ ਨੂੰ ਵਧਾਈਆ ਦੇਣ ਵਾਲਿਆਂ ਦਾ ਸਾਰਾ ਦਿਨ ਤਾਂਤਾਂ ਲੱਗਿਆ ਰਿਹਾ।