ਦੂਜੀਆਂ ਪਾਰਟੀਆਂ ਦੇ ਰਾਜਨੀਤਕ ਆਗੂਆਂ ਵੱਲੋਂ ਭਾਜਪਾ ਵਿਚ ਸ਼ਾਮਿਲ ਹੋਣ ਨਾਲ ਪਾਰਟੀ ਹੋਈ ਮਜਬੂਤ - ਅਨਿਲ ਸਰੀਨ
ਮੋਗਾ, 19 ਫਰਵਰੀ (ਜਸ਼ਨ): ਭਾਜਪਾ, ਪੰਜਾਬ ਵਿਚ ਇਕ ਹੀ ਪਾਰਟੀ ਹੈ ਜੋ ਪੰਜਾਬ ਨੂੰ ਆਰਥਿਕ ਅਤੇ ਵਿਕਾਸ ਦੇ ਪੱਖੋਂ ਮਜ਼ਬੂਤ ਕਰਨ ਦੀ ਸਮਰੱਥਾ ਰੱਖਦੀ ਹੈੈ, ਕਿਉਂਕਿ ਪਿਛਲੇ 70 ਸਾਲਾਂ ਤੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਕਾਰਗੁਜ਼ਾਰੀ ਨੂੰ , ਲੋਕਾਂ ਨੇ ਚੰਗੀ ਤਰ੍ਹਾਂ ਵੇਖਿਆ ਅਤੇ ਪਰਖਿਆ ਹੈ ਅਤੇ ਅੱਜ ਦੀ ਸਥਿਤੀ ਅਜਿਹੀ ਹੈ ਕਿ ਦੂਜੀਆਂ ਪਾਰਟੀਆਂ ਦੇ ਰਾਜਨੀਤਕ ਆਗੂਆਂ ਵੱਲੋਂ ਲਗਾਤਾਰ ਭਾਜਪਾ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਪਾਰਟੀ ਮਜਬੂਤੀ ਨਾਲ ਪੰਜਾਬ ਵਿਚ ਆਪਣੇ ਕਦਮ ਵਧਾ ਰਹੀ ਹੈ।
ਭਾਜਪਾ ਦੇ ਸੂਬਾ ਸਪੋਕਸਮੈਨ ਅਨਿਲ ਸਰੀਨ ਨੇ ਮੋਗਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਵਲੋਂ ਰੱਖੀ ਗਈ ਜ਼ਿਲ੍ਹਾ ਕਾਰਜਕਾਰਨੀ ਦੀ ਵਿਸ਼ਾਲ ਕਾਨਫ਼ਰੰਸ ਵਿਚ ਪਹੁੰਚਣ ਦੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਭਾਜਪਾ ਦੇ ਹਰੇਕ ਅਹੁਦੇਦਾਰ ਨੂੰ ਅਨੁਸ਼ਾਸਨ ਵਿਚ ਰਹਿੰਦੇ ਹੋਏ ਭਾਜਪਾ ਨੂੰ ਪੰਜਾਬ ਵਿਚ ਜੇਤੂ ਬਣਾਉਣ ਲਈ ਜ਼ਿਲ੍ਹਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਦਿਨ ਰਾਤ ਇਕ ਕਰ ਦੇਣਾ ਚਾਹੀਦਾ । ਅਨਿਲ ਸਰੀਨ ਨੇ ਕਿਹਾ ਕਿ ਜਿਸ ਪ੍ਰਕਾਰ ਭਾਜਪਾ ਇਸ ਸਮੇਂ ਵੱਡੀ ਤਾਕਤ ਦੇ ਰੂਪ ਵਿਚ ਪੰਜਾਬ ਵਿਚ ਉੱਭਰ ਰਹੀ ਹੈ ਅਤੇ ਦੂਜੀ ਪਾਰਟੀਆਂ ਦੇ ਕੋਲ ਕੋਈ ਮਜ਼ਬੂਤ ਆਗੂ ਵੀ ਨਹੀਂ, ਜੋ ਉਨ੍ਹਾਂ ਦੀ ਬੇੜੀ ਨੂੰ ਪਾਰ ਲਗਾ ਸਕੇ । ਉਸ ਨੂੰ ਵੇਖਦੇ ਹੋਏ ਹੁਣ ਅਹੁਦੇਦਾਰਾਂ ਨੂੰ ਜ਼ਿਲ੍ਹਾ ਪੱਧਰ ਤੋਂ ਲੈ ਕੇ ਬੂਥ ਪੱਧਰ ਤੱਕ ਭਾਜਪਾ ਦੇ ਨਾਲ ਲੋਕਾਂ ਨੂੰ ਜੋੜਨ ਅਤੇ ਭਾਜਪਾ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਦੇਣਾ ਚਾਹੀਦਾ । ਇਸ ਮੌਕੇ ਅਨਿਲ ਸਰੀਨ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਦੇ ਪ੍ਰਬੰਧਾਂ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਵੀ ਸ਼ਲਾਘਾ ਕੀਤੀ । ਇਸ ਮੌਕੇ ਸਾਬਕਾ ਮੰਤਰੀ ਤੇ ਮੁਖੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਕਰਦੀ ਹੈ ਉਹ ਖ਼ੁਦ ਇੰਨੀ ਭ੍ਰਿਸ਼ਟਾਚਾਰ ਵਿਚ ਡੁੱਬ ਚੁੱਕੀ ਹੈ ਕਿ ਉਸ ਨੂੰ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦੀ ਵੀ ਚਿੰਤਾ ਨਹੀਂ । ਉਨ੍ਹਾਂ ਕਿਹਾ ਕਿ ਉਨ੍ਹਾਂ ਮੋਗਾ ਵਿਖੇ 6-7 ਕਰੋੜ ਰੁਪਏ ਦੀ ਲਾਗਤ ਨਾਲ ਕੇਂਦਰ ਸਰਕਾਰ ਆਯੂਸ਼ ਹਸਪਤਾਲ ਦੀ ਉਸਾਰੀ ਕਰਵਾਈ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਹਸਪਤਾਲ ਨੂੰ ਸ਼ੁਰੂ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਿਸ ਕਾਰਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਹਸਪਤਾਲ ਖੰਡਰ ਬਣ ਰਿਹਾ ਹੈ । ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਦੇਣ ਦੀ ਬਜਾਏ ਆਪਣੀਆਂ ਗ਼ਲਤ ਨੀਤੀਆਂ ਨਾਲ ਸਿੱਖਿਆ ਤੇ ਸਿਹਤ ਨੂੰ ਖੋਹ ਰਹੀ ਹੈ । ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ 1986 ਦੇ ਮੋਗਾ ਗੋਲੀਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ, ਬਲਕਿ ਇਸ ਦੇ ਲਈ ਲੋਕਾਂ ਨੂੰ ਖ਼ੁਦ ਅੱਗੇ ਆ ਕੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਮੋਰਚਾ ਖੋਲ੍ਹਣਾ ਚਾਹੀਦਾ ਹੈ । ਅਖੀਰ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਕਿਹਾ ਕਿ ਅੱਜ ਜਿੱਥੇ ਪੰਜਾਬ ਵਿਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਭਾਜਪਾ ਹਾਈਕਮਾਨ ਦਿਨ-ਰਾਤ ਇਕ ਕਰ ਰਹੀ ਹੈ, ਉਸ ਪ੍ਰਕਾਰ ਮੋਗਾ ਜ਼ਿਲ੍ਹੇ ਵਿਚ ਵੀ ਭਾਜਪਾ ਜੋ ਬਹੁਤ ਕਮਜ਼ੋਰ ਸਥਿਤੀ ਵਿਚ ਸੀ, ਉਸ ਨੂੰ ਅੱਜ ਦੂਜੀਆਂ ਪਾਰਟੀਆਂ ਤੋਂ ਹੁਣ ਤਾਕਤਵਰ ਬਣਾਉਣ ਲਈ ਜ਼ਿਲ੍ਹਾ ਕਾਰਜਕਾਰਨੀ ਤੇ ਹਰੇਕ ਅਹੁਦੇਦਾਰ ਪਿੰਡਾਂ ਅਤੇ ਸ਼ਹਿਰਾਂ ਦੇ ਇਲਾਵਾ ਮੁਹੱਲੇ ਵਿਚ ਭਾਜਪਾ ਨੂੰ ਪਹਿਲਾਂ ਤੋਂ ਕਈ ਗੁਣਾ ਵੱਧ ਤਾਕਤਵਰ ਬਣਾ ਕੇ ਮੋਗਾ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਜਿੱਤ ਦੁਆਉਣਗੇ । ਉਨ੍ਹਾਂ ਜ਼ਿਲ੍ਹਾ ਕਾਰਜਕਾਰਨੀ ਦੀ ਕਾਨਫ਼ਰੰਸ ਵਿਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਸੂਬਾ ਮੰਤਰੀ ਤੇ ਭਾਜਪਾ ਦੇ ਮੋਗਾ ਜ਼ਿਲ੍ਹੇ ਦੇ ਮੁਖੀ ਬਲਵੀਰ ਸਿੰਘ ਸਿੱਧੂ, ਸਾਬਕਾ ਮੰਤਰੀ ਤੇ ਭਾਜਪਾ ਦੇ ਸੂਬਾ ਮਹਾਂਮੰਤਰੀ ਤੇ ਮੁਖੀ ਗੁਰਪ੍ਰੀਤ ਸਿੰਘ ਕਾਂਗੜ, ਭਾਜਪਾ ਦੇ ਪੰਜਾਬ ਵਿਚ ਬਣ ਰਹੇ ਭਵਨਾਂ ਦੇ ਪ੍ਰਮੁੱਖ ਮੋਹਨ ਲਾਲ ਸੇਠੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਮਹਾਂਮੰਤਰੀ ਵਿੱਕੀ ਸਿਤਾਰਾ, ਮਹਾਂਮੰਤਰੀ ਰਾਹੁਲ ਗਰਗ, ਮੀਤ ਪ੍ਰਧਾਨ ਸੁਮਨ ਮਲਹੋਤਰਾ, ਮਹਿਲਾ ਮੋਰਚਾ ਦੀ ਪ੍ਰਧਾਨ ਨੀਤੂ ਗੁਪਤਾ, ਮਹਾਂਮੰਤਰੀ ਸ਼ਬਨਮ ਮੰਗਲਾ, ਸ੍ਰੀ ਮੁਕਤਸਰ ਸਾਹਿਬ ਦੇ ਪ੍ਰਭਾਰੀ ਵਿਨੇ ਸ਼ਰਮਾ, ਸਾਬਕਾ ਪ੍ਰਧਾਨ ਰਾਕੇਸ਼ ਸ਼ਰਮਾ, ਵਿਜੇ ਸ਼ਰਮਾ, ਤਿਰਲੋਚਨ ਸਿੰਘ ਗਿੱਲ, ਵਪਾਰ ਮੰਡਲ ਦੇ ਸੂਬਾ ਸਕੱਤਰ ਦੇਵ ਪਿ੍ਆ ਤਿਆਗੀ, ਸੂਬਾ ਕਾਰਜਕਾਰਨੀ ਮੈਂਬਰ ਗੁਰਮਿੰਦਰਜੀਤ ਸਿੰਘ ਬਬਲੂ, ਸੂਬਾ ਸਪੋਕਸਮੈਨ ਨੀਰਾ ਅਗਰਵਾਲ, ਗੀਤਾ ਆਰੀਆ, ਪ੍ਰੋਮਿਲਾ ਮੈਨਰਾਏ ਦੇ ਇਲਾਵਾ ਵੱਡੀ ਗਿਣਤੀ ਵਿਚ ਭਾਜਪਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ ।