'ਇਕ ਭਾਰਤ ਸ਼ਰੇਸਟ ਭਾਰਤ' ਦੀ ਥੀਮ ਨਾਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਸਲਾਨਾ ਸਮਾਗਮ ਯਾਦਗਾਰੀ ਬਣ ਨਿਬੜਿਆ

ਮੋਗਾ, 21 ਨਵੰਬਰ (ਜਸ਼ਨ ) ਮੋਗਾ ਜ਼ਿਲੇ ਦੀ ਉਘੀ ਵਿਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ 20 ਨਵੰਬਰ 2022 ਨੂੰ ਆਯੋਜਿਤ ਕੀਤਾ ਗਿਆ ਜਿਸ ਦੇ ਤਹਿਤ ਇਕ ਭਾਰਤ ਸ਼ਰੇਸਟ ਭਾਰਤ ਥੀਮ ਅਨੁਸਾਰ ਭਾਰਤੀ ਸੱਭਿਆਚਾਰ ਦੀ ਅਨੇਕਤਾ ਵਿੱਚ ਏਕਤਾ, ਭਾਰਤੀ ਸੰਸਕ੍ਰਿਤੀ ਦੇ ਲੋਕ ਨਾਚ ਅਤੇ ਭਾਰਤੀ ਸਭਿਆਚਾਰ ਦੇ ਵੱਖ ਵੱਖ ਰੰਗ ਪੇਸ਼ ਕੀਤੇ ਗਏ। ਇਸ ਦਿਨ ਸਕੂਲ ਨੂੰ ਨਵ - ਵਿਆਹੀ ਦੁਲਹਨ ਵਾਂਗ ਸਜਾਇਆ ਗਿਆ। ਇਸ ਦਿਨ ਅਲੋਪ ਹੋ ਰਹੇ ਪੰਜਾਬੀ ਵਿਰਸੇ ਦੀ ਪ੍ਰਦਰਸ਼ਨੀ ਵੇਖਣ ਯੋਗ ਸੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਮੋਗਾ ਦੇ ਐਮ. ਐਲ. ਏ. ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਪੰਜਾਬ ਸਕੂਲ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਦੁਆਰਾ ਲੈਂਪ ਜਗਾ ਕੇ ਕੀਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜ਼ੀਡੈਂਟ ਡਾਕਟਰ ਇਕਬਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਡਾਕਟਰ ਗੁਰਚਰਨ ਸਿੰਘ, ਮੈਡਮ ਹਰਪ੍ਰੀਤ ਕੌਰ, ਸ੍ਰੀ ਰਾਮ ਗੋਪਾਲ, ਸ੍ਰੀ ਵਿਨੋਦ ਬਾਂਸਲ, ਡਾਕਟਰ ਏ. ਪੀ. ਐਸ. ਸੋਢੀ, ਸ. ਮੁਖਤਿਆਰ ਸਿੰਘ, ਡਾਕਟਰ ਰਕੇਸ਼ ਅਰੋੜਾ ਤੋਂ ਇਲਾਵਾ ਸ਼ਹਿਰ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ। ਸਭ ਤੋਂ ਪਹਿਲਾਂ ਸ਼ਬਦ ਗਾਇਨ ਨਾਲ ਪਰਮਾਤਮਾ ਦੀ ਉਸਤਤਿ ਕੀਤੀ ਗਈ, ਜਿਸ ਨਾਲ ਮਹੌਲ ਬਹੁਤ ਹੀ ਰਸਭਿਨਾ ਅਤੇ ਭਗਤੀ ਭਾਵ ਵਾਲਾ ਬਣ ਗਿਆ।
ਇਸ ਤੋਂ ਬਾਅਦ ਨਰਸਰੀ ਜਮਾਤ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਕੋਰਿਓਗ੍ਰਾਫੀ ਪੇਸ਼ ਕੀਤੀ। ਐਲ. ਕੇ. ਜੀ. ਜਮਾਤ ਦੇ ਬੱਚਿਆਂ ਨੇ ਪੰਜਾਬੀ ਗੀਤਾਂ ਤੇ ਨਾਚ ਪੇਸ਼ ਕੀਤਾ। ਚੌਥੀ ਜਮਾਤ ਦੇ ਬੱਚਿਆਂ ਨੇ ਭਾਰਤੀ ਸੱਭਿਆਚਾਰ ਦੀ ਅਨੇਕਤਾ ਵਿੱਚ ਏਕਤਾ ਨੂੰ ਪੇਸ਼ ਕਰਦੀ ਕੋਰਿਓਗ੍ਰਾਫੀ ਪੇਸ਼ ਕੀਤੀ। ਐਲ. ਕੇ. ਜੀ. ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਰਾਹੀਂ ਭਾਰਤੀਆਂ ਦੀ ਦੇਸ਼ ਭਗਤੀ ਦੇ ਭਾਵਾਂ ਨੂੰ ਦਰਸਾਇਆ। ਤੀਸਰੀ ਜਮਾਤ ਦੇ ਬੱਚਿਆਂ ਨੇ ਫਨ ਡਾਂਸ ਰਾਹੀਂ ਸਭ ਦਾ ਮਨੋਰੰਜਨ ਕੀਤਾ। ਚੌਥੀ ਜਮਾਤ ਦੇ ਬੱਚਿਆਂ ਨੇ ਕਠਪੁਤਲੀ ਸ਼ੋਅ ਪੇਸ਼ ਕੀਤਾ। ਪੰਜਵੀਂ ਜਮਾਤ ਦੇ ਬੱਚਿਆਂ ਨੇ ਭਾਰਤੀ ਸੱਭਿਆਚਾਰ ਦੀ ਏਕਤਾ ਨੂੰ ਦਰਸਾਉਦੇ ਹੋਏ ਹਰ ਘਰ ਤਿਰੰਗਾ, ਸਵੱਛ ਭਾਰਤ ਅਭਿਆਨ, ਕੋਰੋਨਾ ਸਮੇਂ ਭਾਰਤੀਆਂ ਦੀ ਸੇਵਾ ਭਾਵਨਾ ਨੂੰ ਪੇਸ਼ ਕਰਦੀ ਕੋਰਿਓਗ੍ਰਾਫੀ ਰਾਹੀਂ ਸੰਯੁਕਤ ਭਾਰਤ ਵਿਖਾਇਆ। ਛੇਵੀਂ ਜਮਾਤ ਦੇ ਬੱਚਿਆਂ ਨੇ ਮਾਈਕਲ ਜੈਕਸਨ ਦੀ ਪੰਜਾਬ ਫੇਰੀ ਨੂੰ ਪੇਸ਼ ਕੀਤਾ। ਸੱਤਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੇ ਭਾਰਤੀ ਲੋਕ ਨਾਚਾਂ ਦੇ ਵੱਖ-ਵੱਖ ਰੂਪਾਂ ਨੂੰ ਕੋਰਿਓਗ੍ਰਾਫੀ ਰਾਹੀਂ ਪੇਸ਼ ਕੀਤਾ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਸੰਮੀ, ਝੂਮਰ, ਗਿੱਧਾ ਤੇ ਭੰਗੜਾ ਦੇ ਰੰਗ ਪੇਸ਼ ਕੀਤੇ। ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਲਵੇ ਦਾ ਪ੍ਰਸਿੱਧ ਲੋਕ ਨਾਚ ਮਲਵਈ ਗਿੱਧਾ ਪੇਸ਼ ਕਰਕੇ ਸਭ ਨੂੰ ਝੂਮਣ ਲਗਾ ਦਿੱਤਾ। ਸਕੂਲ ਦੀ ਵਿਦਿਆਰਥਣ ਪੁਰਵਾ ਅਰੋੜਾ ਦੁਆਰਾ ਸਕੂਲ ਦੀਆਂ ਪ੍ਰਾਪਤੀਆਂ ਨੂੰ ਪੇਸ਼ ਕਰਦੀ ਰਿਪੋਰਟ ਪੜ੍ਹੀ ਗਈ। ਸਕੂਲ ਦੇ ਵਿਦਿਆਰਥੀਆਂ ਦੁਆਰਾ ਸਕੂਲ ਬੈਂਡ ਤੇ ਗੀਤ ਪੇਸ਼ ਕੀਤਾ ਗਿਆ। ਸਕੂਲ ਦੀ ਵਿਦਿਆਰਥਣ ਤਜਿੰਦਰ ਕੌਰ ਨੇ ਪੰਜਾਬੀ ਲੋਕ ਗੀਤ ਜੁੱਤੀ ਕਸੂਰੀ ਪੈਰੀ ਨਾ ਪੂਰੀ ਪੇਸ਼ ਕੀਤਾ। ਵਾਤਾਵਰਨ ਅਤੇ ਪੰਛੀਆਂ ਨੂੰ ਬਚਾਉਣ ਦਾ ਸੰਦੇਸ਼ ਦਿੰਦੀ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਅੰਤਰਰਾਸ਼ਟਰੀ ਖੇਡਾਂ ਵਿਚ ਭਾਰਤ ਦੀ ਭੂਮਿਕਾ ਨੂੰ ਵੀ ਦਿਖਾਇਆ ਗਿਆ। ਇਸ ਤੋਂ ਬਾਅਦ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਅਮਨਦੀਪ ਕੌਰ ਅਰੋੜਾ ਵੱਲੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨ ਦਿੱਤਾ ਗਿਆ। ਮੈਡਮ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਹ ਸੱਤ ਮਹੀਨਿਆਂ ਵਿੱਚ ਚਾਰ ਵਾਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ  ਹੋਏ ਹਨ ਅਤੇ ਹਰ ਵਾਰ ਪਰੋਗਰਾਮ ਬੇਮਿਸਾਲ ਹੁੰਦਾ ਹੈ। ਇਸ ਸਲਾਨਾ ਸਮਾਗਮ ਨੂੰ ਦੇਖ ਕੇ ਉਹ ਬੇਹੱਦ ਖੁਸ਼ ਹਨ । ਡਾਕਟਰ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਜੋ ਮਿਹਨਤ ਕੀਤੀ ਹੈ ਉਹ ਅੱਜ ਸਟੇਜ ਦੀਆਂ ਪੇਸ਼ਕਾਰੀਆਂ ਤੋਂ ਝਲਕਦੀ ਹੈ। ਚੇਅਰਮੈਨ ਦਵਿੰਦਰਪਾਲ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ, ਸਟਾਫ ਮੈਂਬਰ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਚੁਣਨ ਲਈ ਧੰਨਵਾਦ ਕੀਤਾ।