ਕਾਂਗਰਸੀਆਂ ਨੇ ਵਿਧਾਨ ਸਭਾ 'ਚ ਗਰੀਬ ਤੇ ਐਸ.ਸੀ. ਲੋਕਾਂ ਦਾ ਅਪਮਾਨ ਕੀਤਾ --ਵਿਧਾਇਕਾ ਮਾਣੂੰਕੇ,ਕਿਹਾ : ਕਾਂਗਰਸੀਆਂ ਦੇ ਡਰਾਮੇਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਐਸ.ਸੀ. 'ਤੇ ਗਰੀਬ ਲੋਕਾਂ ਦੇ ਵਿਰੋਧੀ ਨੇ
ਮੋਗਾ,1ਅਕਤੂਬਰ (ਜਸ਼ਨ):ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀਆਂ ਨੇ ਗਰੀਬ ਤੇ ਐਸ.ਸੀ.ਲੋਕਾਂ ਦੇ ਹੱਕ ਵਿੱਚ ਗੱਲ ਕਰਨ ਦੀ ਬਜਾਇ ਉਹਨਾਂ ਦਾ ਮਜ਼ਾਕ ਉਡਾਇਆ ਅਤੇ ਰੌਲਾ ਪਾਕੇ ਅਨੁਸੂਚਿਤ ਜ਼ਾਤੀਆਂ ਦੇ ਲੋਕਾਂ ਦਾ ਅਪਮਾਨ ਕੀਤਾ ਹੈ, ਜਿਸ ਨਾਲ ਕਾਂਗਰਸੀਆਂ ਦਾ ਗ਼ਰੀਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਸਦਨ ਵਿੱਚ ਹੋਏ ਹੰਗਾਮੇ ਸਬੰਧੀ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਆਖਿਆ ਕਿ ਕਾਂਗਰਸ ਨੂੰ ਹੁਣ ਐਸ.ਸੀ. ਲੋਕ ਕਦੇ ਮੁਆਫ਼ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਕੱਲ੍ਹ ਜਿਊਂ ਹੀ ਵਿਧਾਨ ਸਭਾ ਵਿੱਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅਨੁਸੂਚਿਤ ਜ਼ਾਤੀਆਂ ਦੇ ਵਜ਼ੀਫ਼ੇ ਸਬੰਧੀ ਮਤਾ ਪੇਸ਼ ਕਰਨਾਂ ਸ਼ੁਰੂ ਕੀਤਾ ਤਾਂ ਕਾਂਗਰਸੀ ਵਿਧਾਇਕਾਂ ਨੇ ਰੌਲਾ ਤੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਤਲਖ਼ੀ ਵਿੱਚ ਆਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਾਂਗਰਸੀਆਂ ਉਪਰ ਤਿੱਖੇ ਸ਼ਬਦਾਂ ਵਿੱਚ ਹਮਲਾ ਬੋਲਦੇ ਹੋਏ ਆਖਿਆ ਕਿ ਜਦੋਂ ਵਿਧਾਨ ਸਭਾ ਵਿੱਚ ਅਨੁਸੂਚਿਤ ਜ਼ਾਤੀ ਅਤੇ ਗ਼ਰੀਬ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦਾ ਵੇਲਾ ਆਇਆ ਤਾਂ ਕਾਂਗਰਸੀਆਂ ਨੇ ਐਸ.ਸੀ. ਲੋਕਾਂ ਦੇ ਹੱਕ ਵਿੱਚ ਗੱਲ ਕਰਨ ਦੀ ਬਜਾਇ ਮਜ਼ਾਕ ਉਡਾਇਆ ਹੈ ਅਤੇ ਡਰਾਮਾਂ ਕਰਦੇ ਹੋਏ ਐਸ.ਸੀ. ਲੋਕਾਂ ਦੀ ਬੇਇੱਜ਼ਤੀ ਕੀਤੀ ਹੈ। ਜਦੋਂ ਕਿ ਇਹੀ ਕਾਂਗਰਸੀ ਪਿਛਲੇ 75 ਸਾਲਾਂ ਦੌਰਾਨ ਅਨੁਸੂਚਿਤ ਜ਼ਾਤੀਆਂ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈਕੇ ਸਰਕਾਰਾਂ ਬਣਾਉਂਦੇ ਰਹੇ ਤੇ ਰਾਜ-ਭਾਗ ਦਾ ਅਨੰਦ ਮਾਣਦੇ ਰਹੇ ਹਨ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਜੇਕਰ ਕਾਂਗਰਸੀਆਂ ਨੇ ਗਿੱਧਾ ਪਾਉਣਾ ਸੀ ਤਾਂ ਵਿਧਾਨ ਸਭਾ ਤੋਂ ਬਾਹਰ ਜਾ ਕੇ ਕਿਸੇ ਪ੍ਰੋਗਰਾਮ ਉਪਰ ਪਾ ਲੈਂਦੇ ਅਤੇ ਵਿਧਾਨ ਸਭਾ ਵਿੱਚ ਅਨੁਸੂਚਿਤ ਜ਼ਾਤੀਆਂ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਿਉਂ ਨਹੀਂ ਹੋਣ ਦਿੱਤੀ। ਵਿਧਾਇਕਾ ਨੇ ਆਖਿਆ ਕਿ ਪਿਛਲੀ ਕੈਪਟਨ ਸਰਕਾਰ ਦੌਰਾਨ ਕਾਂਗਰਸੀਆਂ ਦਾ ਮੰਤਰੀ ਸਾਧੂ ਸਿੰਘ ਧਰਮਸੋਤ ਅਨੁਸੂਚਿਤ ਜ਼ਾਤੀਆਂ ਦੇ ਬੱਚਿਆਂ ਦਾ 64 ਕਰੋੜ ਰੁਪਏ ਵਜ਼ੀਫ਼ਾ ਹੀ ਖਾ ਗਿਆ ਅਤੇ ਡਕਾਰ ਵੀ ਨਹੀਂ ਮਾਰਿਆ। ਪਰੰਤੂ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਧੂ ਸਿੰਘ ਨੂੰ ਕਲੀਨ ਚਿਟ ਦੇ ਦਿੱਤੀ ਸੀ। ਹੁਣ ਜਦੋਂ ਐਸ.ਸੀ.ਲੋਕਾਂ ਦੇ ਹੱਕ ਵਿੱਚ ਗੱਲ ਕਰਨ ਲਈ ਮਤਾ ਪੇਸ਼ ਕੀਤਾ ਗਿਆ ਅਤੇ ਐਸ.ਸੀ.ਬੱਚਿਆਂ ਨੂੰ ਵਜ਼ੀਫ਼ਾ ਜਾਰੀ ਕਰਵਾਉਣ ਅਤੇ ਆਨ-ਲਾਈਨ ਵਜ਼ੀਫ਼ਾ ਅਪਲਾਈ ਕਰਨ ਸਬੰਧੀ ਐਸ.ਸੀ.ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕਰਨ ਦਾ ਸਮਾਂ ਆਇਆ ਤਾਂ ਕਾਂਗਰਸੀਆਂ ਨੇ ਰੌਲਾ ਪਾਕੇ ਅਨੁਸੂਚਿਤ ਜ਼ਾਤੀਆਂ ਦੇ ਹੱਕ ਵਿੱਚ ਗੱਲਬਾਤ ਕਿਉਂ ਨਹੀਂ ਹੋਣ ਦਿੱਤੀ। ਕਾਂਗਰਸੀਆਂ ਦੇ ਡਰਾਮੇਂ ਨੇ ਸਾਫ਼ ਕਰ ਦਿੱਤਾ ਹੈ ਕਿ ਕਾਂਗਰਸ ਹਮੇਸ਼ਾ ਹੀ ਐਸ.ਸੀ. ਅਤੇ ਗਰੀਬ ਲੋਕਾਂ ਦੀ ਵਿਰੋਧੀ ਰਹੀ ਹੈ। ਉਹਨਾਂ ਅਨੁਸੂਚਿਤ ਜ਼ਾਤੀਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਇਹ ਕਾਂਗਰਸੀ ਐਮ.ਐਲ.ਏ. ਤੁਹਾਡੇ ਬੂਹੇ ਤੇ ਵੋਟਾਂ ਮੰਗਣ ਆਉਣ ਤਾਂ ਜੁਵਾਬ ਮੰਗਿਓ, ਕਿ ਜਦੋਂ ਵਿਧਾਨ ਸਭਾ ਵਿੱਚ ਅਨੁਸੂਚਿਤ ਜ਼ਾਤੀਆਂ ਦੇ ਹੱਕਾਂ ਦੀ ਗੱਲ ਹੋ ਰਹੀ ਸੀ ਅਤੇ ਐਸ.ਸੀ. ਵਿਦਿਆਰਥੀਆਂ ਨੂੰ ਵਜ਼ੀਫਾ ਜਾਰੀ ਕਰਵਾਉਣ ਲਈ ਗੱਲ ਕਰਨ ਦੀ ਬਜਾਇ ਗਿੱਧਾ ਤੇ ਰੌਲਾ ਪਾ ਕੇ ਵਿਘਨ ਕਿਉਂ ਪਾਇਆ ਅਤੇ ਐਸ.ਸੀ.ਲੋਕਾਂ ਦੇ ਹੱਕਾਂ ਦਾ ਅਪਮਾਨ ਕਿਉਂ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਤੇ ਅਮਰਦੀਪ ਸਿੰਘ ਟੂਰੇ ਵੀ ਹਾਜ਼ਰ ਸਨ।