ਦਾਰਾਪੁਰ ਸਕੂਲ ‘ਚ ਰਾਜਪੂਤ ਭਲਾਈ ਸੰਸਥਾ ਨੇ ਲਗਾਏ ਫ਼ਲਦਾਰ ਪੌਦੇ

*ਪੰਛੀਆਂ ਦੀ ਹੋਂਦ ਬਚਾਉਣ ਅਤੇ ਬੱਚਿਆਂ ਦੀ ਸਿਹਤ ਲਈ ਫ਼ਲਦਾਰ ਪੌਦੇ ਲਗਾਉਣਾ ਸਮੇਂ ਦੀ ਲੋੜ: ਤੇਜਿੰਦਰ ਸਿੰਘ ਜਸ਼ਨ

ਮੋਗਾ, 19 ਜੁਲਾਈ  (ਜਸ਼ਨ):: ਪੰਜਾਬ ਵਿਚ ਰੁੱਖਾਂ ਹੇਠ ਰਕਬਾ ਵਧਾਉਣ ਲਈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੁਹਿਰਦ ਯਤਨ ਕਰ ਰਹੀ ਹੈ ਉੱਥੇ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਫਰਜ਼ ਅਦਾ ਕਰ ਰਹੀਆਂ ਹਨ। ਸਿੱਖਿਆ ਵਿਭਾਗ ਵਿਚ ਕਾਰਜਸ਼ੀਲ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਵੱਲੋਂ ਵੱਡੇ ਪੱਧਰ ’ਤੇ ਫ਼ਲਦਾਰ ਪੌਦੇ ਲਗਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦਿਆਂ ਰਾਜਪੂਤ ਭਲਾਈ ਸੰਸਥਾ ਰਜਿ: ਮੋਗਾ ਦੇ ਅਹੁਦੇਦਾਰਾਂ ਨੇ ਪ੍ਰਧਾਨ ਤੇਜਪਾਲ ਸਿੰਘ ਜੌੜਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਦਾਰਾਪੁਰ ‘ਚ ਫ਼ਲਦਾਰ ਪੌਦੇ ਲਗਾ ਕੇ ‘ ਪੌਦੇ ਲਗਾਓ ਤੇ ਵਾਤਾਵਰਣ ਬਚਾਓ ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਰਕਾਰੀ ਹਾਈ ਸਕੂਲ ਦਾਰਾਪੁਰ ਦੀ ਮੁੱਖ ਅਧਿਆਪਕਾ ਰਮਨਦੀਪ ਕੌਰ ਨੇ ਰਾਜਪੂਤ ਭਲਾਈ ਸੰਸਥਾ ਵੱਲੋਂ ਵਾਤਾਵਰਣ ਸ਼ੁੱਧਤਾ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਤੇਜਪਾਲ ਸਿੰਘ ਜੌੜਾ ਨੇ ਆਖਿਆ ਕਿ ਮੌਸਮ ਦੇ ਬਲਦਲਦੇ ਮਿਜਾਜ਼ ਦੇ ਚੱਲਦਿਆਂ ਹੁਣ ਰੁੱਖਾਂ ਦੀ ਹੋਂਦ ਬਹੁਤ ਜ਼ਰੂਰੀ ਹੈ । ਉਹਨਾਂ ਆਖਿਆ ਕਿ ਅੱਜ ਦੇ ਲਗਾਏ ਇਹ ਪੌਦੇ ਆਉਣ ਵਾਲੇ ਕੁਝ ਸਾਲਾਂ ਵਿਚ ਫ਼ਲ ਦੇਣ ਦੇ ਸਮਰੱਥ ਹੋ ਜਾਣਗੇ ਪਰ ਮਨੁੱਖਤਾ ਲਈ ਆਕਸੀਜ਼ਨ ਦਾ ਸ੍ਰੋਤ ਅੱਜ ਤੋਂ ਹੀ ਬਣ ਜਾਣਗੇ।

ਇਸ ਮੌਕੇ ਪ੍ਰੋ: ਸੁਰਜੀਤ ਸਿੰਘ ਕਾਉਂਕੇ, ਭੁਪਿੰਦਰ ਸਿੰਘ ਧੰੁਨਾ, ਜਸਵੰਤ ਸਿੰਘ ਐੱਸ ਈ, ਮਨਜੀਤ ਸਿੰਘ ਖੀਪਲ ਐੱਨ ਆਰ ਆਈ, ਜਸਵੰਤ ਸਿੰਘ, ਕੁਲਦੀਪ ਸਿੰਘ ਕੋਮਲ, ਚਮਕੌਰ ਸਿੰਘ ਭਿੰਡਰ ਨੇ  ਸਕੂਲ ਕੈਂਪਸ ਵਿਚ ਮਾਲਟਾ, ਆਲੂਬੁਖ਼ਾਰਾ, ਨਾਸ਼ਪਾਤੀ, ਬੱਗੂਗੋਸ਼ਾ, ਸੰਤਰਾ, ਆੜੂ, ਮੁਸੱਮੀ, ਕੀਨੂੰ , ਚੈਰੀ ਅਤੇ ਫਾਲਸਾ ਆਦਿ ਫਲਾਂ ਦੇ ਪੌਦੇ ਆਪਣੇ ਹੱਥੀਂ ਲਗਾਏ। ਇਸ ਮੌਕੇ ਦਾਰਾਪੁਰ ਸਕੂਲ ਦੇ  ਸਟਾਫ਼ ਮੈਂਬਰਾਂ ਇਕਬਾਲ ਸਿੰਘ, ਸਵਿੱਤਰੀ ਦੇਵੀ, ਸਰਬਜੀਤ ਕੌਰ, ਜਗਦੀਪ ਸਿੰਘ, ਕੁਲਵੰਤ ਕੌਰ, ਰਿਸ਼ੀ ਅਗਰਵਾਲ, ਲਖਵਿੰਦਰ ਸਿੰਘ, ਹਰਦੀਪ ਕੌਰ ਆਦਿ ਨੇ ਪੌਦੇ ਲਗਾਉਣ ਲਈ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਨੇ ਰਾਜਪੂਤ ਭਲਾਈ ਸੰਸਥਾ ਵੱਲੋਂ ਪੌਦੇ ਮੁਹਈਆ ਕਰਵਾਉਣ ਅਤੇ ਦਾਰਾਪੁਰ ਸਟਾਫ਼ ਦੇ ਨਾਲ ਨਾਲ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਸਮੇਂ ਸਮੇਂ ’ਤੇ ਇਹਨਾਂ ਪੌਦਿਆਂ ਦੀ ਸੰਭਾਲ ਕਰਨ ਲਈ ਸਕੂਲ ਵਿਚ ਆਉਂਦੇ ਰਹਿਣਗੇ।