2 ਕਿੱਲੋ ਹੈਰੋਇਨ ਸਮੇਤ ਤਿੰਨ ਕਾਰ ਸਵਾਰ ਤਸਕਰ ਕੀਤੇ ਕਾਬੂ

ਮੋਗਾ,10 ਜੂਨ (ਜਸ਼ਨ): ਮੋਗਾ ਪੁਲਿਸ ਵੱਲੋਂ ਚਲਾਈ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਮੁਖਬਰ ਦੀ ਇਤਲਾਹ ‘ਤੇ ਭਗਤਾ ਭਾਈ ਰੋਡ, ਬਾਘਾਪੁਰਾਣਾ ’ਤੇ ਨਾਕਾਬੰਦੀ ਦੌਰਾਨ ਪੁਲਿਸ ਨੇ ਕਾਰ ਸਵਾਰ ਤਿੰਨ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। 
ਕੱਲ ਦੇਰ ਸ਼ਾਮ ਪੈੱ੍ਰਸ ਕਾਨਫਰੰਸ ਕਰਦਿਆਂ ਮੋਗਾ ਦੇ ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ‘ਤੇ ਨਾਕਾਬੰਦੀ ਦੌਰਾਨ ਕਾਰ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ ਦੋ ਕਿੱਲੋ ਹੈਰੋਇਨ ਸਮੇਤ ਕਾਬੂ ਕਰ ਲਿਆ ਹੈ । ਉਹਨਾਂ ਦੱਸਿਆ ਕਿ  ਮੋਗਾ ਸੀ. ਆਈ. ਏ. ਸਟਾਫ ਨੂੰ ਇਤਲਾਹ ਮਿਲੀ ਸੀ ਕਿ ਹੈਰੋਇਨ ਵੇਚਣ ਦਾ ਧੰਦਾ ਕਰਨ ਵਾਲੇ ਮੋਗਾ ਦੇ ਪਿੰਡ ਦੌਲੇਵਾਲਾ ਵਾਸੀ ਜਸਵੰਤ ਸਿੰਘ ਉਰਫ ਕਾਲਾ , ਸੁਖਚੈਨ ਸਿੰਘ ਉਰਫ ਸੋਨੂੰ ਅਤੇ ਕਪੂਰਥਲਾ ਦੇ ਪਿੰਡ ਲਾਟੀਆਂ ਵਾਲਾ ਦੇ ਸਤਨਾਮ ਸਿੰਘ ਉਰਫ ਸੋਨੂੰ ਆਪਣੀ ਕਾਰ ‘ਤੇ ਸਵਾਰ ਹੋ ਕੇ ਭਾਰੀ ਮਾਤਰਾ ਵਿਚ ਹੈਰੋਇਨ ਲੈ ਕੇ ਭਗਤਾ ਭਾਈਕੇ ਸਾਈਡ ਤੋਂ ਲਿੰਕ ਸੜਕਾਂ ਰਾਹੀ ਪਿੰਡਾਂ ਵਿਚ ਦੀ ਹੁੰਦੇ ਹੋਏ ਬਾਘਾਪੁਰਾਣਾ ਨੂੰ ਆ ਰਹੇ ਸਨ , ਜਿਸ ’ਤੇ ਸੀ.ਆਈ.ਏ. ਸਟਾਫ ਵਲੋਂ ਭਗਤਾ ਭਾਈ ਰੋਡ ’ਤੇ ਕੀਤੀ ਗਈ । ਨਾਕਾਬੰਦੀ ਦੌਰਾਨ ਪੁਲਿਸ ਨੇ ਤਿੰਨੋਂ ਨਸ਼ਾ ਤਸਕਰਾਂ ਨੂੰ ਸਮੇਤ ਕਾਰ ਦੇ ਕਾਬੂ ਕਰਕੇ ਇਨ੍ਹਾਂ ਕੋਲੋਂ 2 ਕਿੱਲੋਗਰਾਮ ਹੈਰੋਇਨ ਬਰਾਮਦ ਕੀਤੀ ਗਈ । ਐਸ.ਐਸ.ਪੀ. ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਅਗਲੇ ਪਿਛਲੇ ਰਿਕਾਰਡ ਨੂੰ ਟਟੋਲਣ ਲਈ ਇਨ੍ਹਾਂ ਪਾਸੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਜਾਵੇਗਾ ਤਾਂ ਕਿ ਇਹ ਵੀ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਤਸਕਰਾਂ ਦੇ ਹੋਰ ਕਿਹੜੇ ਤਸਕਰਾਂ ਨਾਲ ਸਬੰਧ ਹਨ ।