ਵਿਧਾਇਕਾ ਡਾ. ਅਮਨਦੀਪ ਕੌਰ ਨੇ ਵਾਰਡ ਨੂੰ 35 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 600 ਫੁੱਟ ਡੂੰਘੇ ਬੋਰ ਦਾ ਕੀਤਾ ਉਦਘਾਟਨ
ਮੋਗਾ, 30 ਮਈ (ਜਸ਼ਨ) : ਮੋਗਾ ਸ਼ਹਿਰ ਦੇ ਵਾਰਡ ਨੂੰ 35 ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਨਵਾਂ ਬੋਰ ਕਰਵਾਇਆ ਗਿਆ ਤਾਂ ਜੋ ਇਨ੍ਹਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ। ਇਹ ਜਾਣਕਾਰੀ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦਿੱਤੀ । ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਮੋਗਾ ਸ਼ਹਿਰ ਦੇ ਵਾਰਡ ਨੂੰ 35 ਅਤੇ ਨਾਲ ਲਗਦੇ ਇਲਾਕਿਆਂ ਵਿੱਚ ਕੁਝ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਬਾਰੇ ਲੋਕਾਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ ।ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ ਤੁਰੰਤ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿੱਚ ਪਹਿਲਾਂ ਪਾਣੀ ਦੀ ਸਪਲਾਈ ਲਈ ਬੋਰ ਅਤੇ ਵਾਟਰ ਵਰਕਸ ਰਾਹੀਂ ਪਾਣੀ ਸਪਲਾਈ ਕੀਤਾ ਜਾਂਦਾ ਹੈ,ਪਰ ਬੋਰ 20 ਸਾਲ ਤੋਂ ਪੁਰਾਣੇ ਹੋਣ ਕਾਰਨ ਪਾਣੀ ਦੀ ਪੂਰੀ ਸਪਲਾਈ ਨਹੀਂ ਦੇ ਰਹੇ ।ਜਿਸ ਕਾਰਨ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਵਾਂ ਬੋਰ ਕਰਵਾਇਆ ਜਾਵੇ ਤਾਂ ਜੋ ਇਹਨਾਂ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਿਰੰਤਰ ਕੀਤੀ ਜਾਵੇ । ਡਾ. ਅਰੋੜਾ ਨੇ ਦੱਸਿਆ ਕਿ ਮੋਗਾ ਸ਼ਹਿਰ ਵਿੱਚ ਸੀਵਰੇਜ ,ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੜਕਾਂ ਦਾ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਰਹਿੰਦੇ ਕਾਰਜ ਵੀ ਜਲਦ ਪੂਰੇ ਕੀਤੇ ਜਾਣਗੇ। ਉਹਨਾਂ ਨੇ ਵਾਰਡ ਕੌਂਸਲਰ ਸੁਖਵਿੰਦਰ ਕੌਰ ਢਿੱਲੋਂ ਅਤੇ ਸਮੂਹ ਮੋਗਾ ਕੌਂਸਲਰ ਦੀ ਹੌਂਸਲਾ ਅਫਜਾਈ ਕੀਤੀ। ਉਹਨਾਂ ਦਸਿਆ ਕਿ ਇਹ ਨਵਾਂ ਬੋਰ 600 ਮੀਟਰ ਡੂੰਗਾ ਕੀਤਾ ਗਿਆ ਹੈ ਤਾਂ ਜੋ ਵਾਰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੋਗਾ ਸ਼ਹਿਰ ਸਮੇਤ ਸਮੁੱਚੇ ਮੋਗਾ ਵਿਧਾਨ ਸਭਾ ਹਲਕੇ ਲਈ ਜੰਗੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ । ਇਸ ਸਮੇਂ ਉਹਨਾਂ ਨਾਲ ਬਲਜੀਤ ਸਿੰਘ ਚਾਨੀ (MC), ਸਰਬਜੀਤ ਕੌਰ ਰੋਡੇ (MC), ਕਿਰਨ ਹੁੰਦਲ (MC), ਅਮਨ ਰਖਰਾ, ਅਮਿਤ ਪੁਰੀ, ਨਵਦੀਪ ਵਾਲੀਆ, ਜਗਸੀਰ ਹੁੰਦਲ, ਹਰਜਿੰਦਰ ਰੋਡੇ, ਮਿਲਾਪ ਸਿੰਘ ਅਤੇ ਹੋਰ ਕੌਂਸਲਰ ਅਤੇ ਵਾਰਡ ਵਾਸੀ ਮਜ਼ੂਦ ਸਨ।