ਮੋਠਾਂ ਵਾਲੀ ਦੇ ਸਰਪੰਚ ਹਰਨੇਕ ਸਿੰਘ ਨੂੰ ਅਦਾਲਤ ਦੇ ਹੁਕਮਾਂ ਦੇ ਕੀਤਾ ਬਾਜ਼ਮਾਨਤ ਰਿਹਾਅ, ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਰਿਹਾਅ ਹੋਣ ‘ਤੇ ਕਰਵਾਇਆ ਮੂੰਹ ਮਿੱਠਾ
ਮੋਗਾ, 24 ਮਈ (ਜਸ਼ਨ): ਪਿਛਲੇ ਦਿਨੀਂ ਮੋਠਾਂ ਵਾਲੀ ਪਿੰਡ ਵਿਖੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਅਰੋੜਾ ਅਤੇ ਪਿੰਡ ਦੇ ਸਰਪੰਚ ਹਰਨੇਕ ਸਿੰਘ ਦਰਮਿਆਨ ਹੋਈ ਤਲਖ਼ ਕਲਾਮੀ ਉਪਰੰਤ ਗਿ੍ਰਫਤਾਰ ਸਰਪੰਚ ਅਤੇ ਉਸਦੇ ਪੁੱਤਰ ਨੂੰ ਅੱਜ ਅਦਾਲਤ ਵੱਲੋਂ ਬਾਜ਼ਮਾਨਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਮਾਣਯੋਗ ਅਦਾਲਤ ਦੇ ਇਸ ਫੈਸਲੇ ਨੂੰ ਭਾਰਤੀ ਜਨਤਾ ਪਾਰਟੀ ਦੀ ਪਹਿਲੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਧਾਇਕਾ ਡਾ. ਅਮਨਦੀਪ ਅਰੋੜਾ ਪਿੰਡ ਮੋਠਾਂਵਾਲੀ ਵਿਖੇ ਸੜਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ ਪਰ ਉੱਥੇ ਬੰਦ ਪਈ ਡਿਸਪੈਂਸਰੀ ਦੀ ਗਰਾਊਂਡ ਵਿਚ ਸਰਪੰਚ ਦੀ ਪਈ ਤੂੜੀ ਅਤੇ ਪਾਥੀਆਂ ਨੂੰ ਲੈ ਕੇ ਉਹਨਾਂ ਸਰਪੰਚ ’ਤੇ ਨਜਾਇਜ਼ ਕਬਜ਼ੇ ਦੇ ਦੋਸ਼ ਲਾਏ ਸਨ ਪਰ ਸਰਪੰਚ ਵੱਲੋਂ ਤਲਖਕਲਾਮੀ ਕਰਨ ’ਤੇ ਸਰਪੰਚ ਅਤੇ ਉਸ ਦੇ ਪੁੱਤਰ ਨੂੰ ਪੁਲਿਸ ਨੇ ਮਾਮਲਾ ਦਰਜ ਕਰਕੇ �ਿਗਫਤਾਰ ਕਰ ਲਿਆ ਸੀ।
ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਹਾਜ਼ਰੀ ਵਿਚ ਸਰਪੰਚ ਦੇ ਵਕੀਲ ਲਵਿਸ਼ ਤਾਇਲ ਨੇ ਦੱਸਿਆ ਕਿ ਉਹਨਾਂ ਮਾਣਯੋਗ ਜੱਜ ਸਾਬ੍ਹ ਸਾਹਮਣੇ ਸਰਪੰਚ ਦਾ ਪੱਖ ਪੇਸ਼ ਕਰਦਿਆਂ ਦਲੀਲ ਦਿੱਤੀ ਕਿ 2022 ਦੌਰਾਨ ਹੋਈਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਮੋਠਾਂਵਾਲੀ ਦਾ ਸਰਪੰਚ ਕਾਂਗਰਸ ਪਾਰਟੀ ਨਾਲ ਸਬੰਧਤ ਸੀ ਅਤੇ ਮੋਗੇ ਦੇ ਵਿਧਾਇਕ ਵੀ ਕਾਂਗਰਸ ਤੋਂ ਡਾ: ਹਰਜੋਤ ਕਮਲ ਸਨ । ਉਹਨਾਂ ਕਿਹਾ ਕਿ ਬਦਲੇ ਹੋਏ ਸਿਆਸੀ ਸਮੀਕਰਣਾਂ ਕਾਰਨ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਭਾਰਤੀ ਜਨਤਾ ਪਾਰਟੀ ਵਿਚ ਚਲੇ ਗਏ ਅਤੇ ਪਿੰਡ ਮੋਠਾਂ ਵਾਲੀ ਦੇ ਸਰਪੰਚ ਹਰਨੇਕ ਸਿੰਘ ਨੇ ਵੀ ਡਾ: ਹਰਜੋਤ ਨੂੰ ਸਮਰਥਨ ਦਿੱਤਾ ਪਰ ਪਿੰਡ ਦੇ ਬਾਕੀ ਪੰਚਾਇਤ ਮੈਂਬਰ ਉਸ ਸਮੇਂ ਤਾਂ ਚੁੱਪ ਰਹੇ ਪਰ ਹੁਣ ਉਹ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ ਅਤੇ ਘਟਨਾ ਵਾਲੇ ਦਿਨ ਸੜਕ ਦੇ ਉਦਘਾਟਨੀ ਰਸਮਾਂ ਮੌਕੇ ਇਹਨਾਂ ਪੰਚਾਇਤ ਮੈਂਬਰਾਂ ਨੇ ਵਿਧਾਇਕ ਡਾ: ਅਮਨਦੀਪ ਅਰੋੜਾ ਨੂੰ ਸਰਪੰਚ ਹਰਨੇਕ ਸਿੰਘ ਖਿਲਾਫ਼ ਇਹ ਆਖ ਕੇ ਉਕਸਾਇਆ ਕਿ ਸਰਪੰਚ ਇਸ ਸੜਕ ਨੂੰ ਪਾਸ ਕਰਵਾਉਣ ਦਾ ਸਿਹਰਾ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੂੰ ਦੇ ਰਿਹਾ ਹੈ , ਇਸ ਪਰਿਕਿਰਿਆ ਕਾਰਨ ਵਿਧਾਇਕਾ ਨੇ ਸਰਪੰਚ ਨੂੰ ਡਿਸਪੈਂਸਰੀ ਵਿਚੋਂ ਤੂੜੀ ਆਦਿ ਹਟਾਉਣ ਲਈ ਆਖਿਆ ਤੇ ਇਸੇ ਦੌਰਾਨ ਸਰਪੰਚ ਵੱਲੋਂ ਵਿਧਾਇਕਾ ਨੂੰ ਜਵਾਬ ਦਿੱਤੇ ਗਏ ਅਤੇ ਇਸ ਤਰਾਂ ਇਹ ਸਾਰਾ ਪਰਿਕਰਣ ਮਹਿਜ਼ ਤਲਖਕਲਾਮੀ ਸੀ ਨਾ ਕਿ ਵਿਧਾਇਕਾ ਦੇ ਖਿਲਾਫ਼ ਕੋਈ ਸਾਜਿਸ਼ਾਨਾ ਕਾਰਵਾਈ। ਐਡਵੋਕੇਟ ਲਵਿਸ਼ ਤਾਇਲ ਨੇ ਜੱਜ ਸਾਬ੍ਹ ਨੂੰ ਅਪੀਲ ਕੀਤੀ ਕਿ ਸਧਾਰਨ ਬਹਿਸਬਾਜ਼ੀ ਨੂੰ ਰਾਜਨੀਤਕ ਰੰਗਤ ਦੇ ਕੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ ਕਿਉਂਕਿ ਸਰਪੰਚ ਇਕ ਸਧਾਰਨ ਇਨਸਾਨ ਵੀ ਹੈ ਅਤੇ ਦੇਸ਼ ਦਾ ਕਾਨੂੰਨ ਉਸ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਦਿੰਦਾ ਹੈ , ਬੇਸ਼ੱਕ ਕਿ ਸਾਹਮਣੇ ਵਾਲਾ ਵਿਧਾਇਕ ਹੋਵੇ ਜਾਂ ਫਿਰ ਸਧਾਰਨ ਇਨਸਾਨ।
ਐਡਵੋਕੇਟ ਲਵਿਸ਼ ਤਾਇਲ ਨੇ ਦੱਸਿਆ ਕਿ ਮਾਣਯੋਗ ਜੱਜ ਸਾਬ੍ਹ ਨੇ ਦਲੀਲਾਂ ਸੁਣਨ ਉਪਰੰਤ ਸਰਪੰਚ ਹਰਨੇਕ ਸਿੰਘ ਅਤੇ ਉਸ ਦੇ ਪੁੱਤਰ ਨੂੰ ਬਾਜ਼ਮਾਨਤ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮੌਕੇ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸਰਪੰਚ ਅਤੇ ਉਸ ਦੇ ਪਰਿਵਾਰ ਨਾਲ ਉਹ ਅਤੇ ਉਹਨਾਂ ਦੇ ਸਾਥੀ ਚਟਾਨ ਵਾਂਗ ਖੜ੍ਹੇ ਹਨ ਅਤੇ ਮੋਗਾ ਹਲਕੇ ਵਿਚ ਕਿਸੇ ਵੀ ਸਰਪੰਚ ’ਤੇ ਜ਼ੁਲਮ ਸਹਿਣ ਨਹੀਂ ਕੀਤਾ ਜਾਵੇਗਾ । ਇਸ ਮੌਕੇ ਉਹਨਾਂ ਸਰਪੰਚ ਅਤੇ ਉਸ ਦੇ ਸਪੁੱਤਰ ਦਾ ਮੂੰਹ ਮਿੱਠਾ ਕਰਵਾ ਕੇ ਉਸ ਦਾ ਸਵਾਗਤ ਕੀਤਾ। ਇਸ ਮੌਕੇ ਸਰਪੰਚ ਹਰਨੇਕ ਸਿੰਘ ਨੇ ਆਖਿਆ ਕਿ ਉਹ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਅਤੇ ਸਰਪੰਚ ਯੂਨੀਅਨ ਦੇ ਧੰਨਵਾਦੀ ਹਨ ਜਿਹਨਾਂ ਨੇ ਔਖੀ ਘੜੀ ਉਹਨਾਂ ਦਾ ਸਾਥ ਦਿੱਤਾ ਹੈ।