ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ਵਿਚ, ਵਿਧਾਇਕ ਡਾ. ਅਮਨਦੀਪ ਅਰੋੜਾ ਦੇ ਦਫਤਰ ਸਾਹਮਣੇ ਧਰਨਾ ਦੇ ਕੇ, ਸਰਪੰਚਾਂ ਤੇ ਢਾਹੇ ਜਾ ਰਹੇ ਜ਼ੁਲਮਾਂ ਖਿਲਾਫ ਕੀਤਾ ਰੋਸ ਪ੍ਰਗਟਾਵਾ
ਮੋਗਾ,19 ਮਈ (ਜਸ਼ਨ): ਮੋਠਾਂ ਵਾਲੀ ਪਿੰਡ ਵਿਖੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਅਰੋੜਾ ਅਤੇ ਪਿੰਡ ਦੇ ਸਰਪੰਚ ਦਰਮਿਆਨ ਹੋਈ ਤਲਖ਼ ਕਲਾਮੀ ਉਪਰੰਤ ਸਰਪੰਚ ਅਤੇ ਉਸਦੇ ਪੁੱਤਰ ਨੂੰ ਗ੍ਰਿਫਤਾਰ ਕਰਨ ਖਿਲਾਫ, ਮੋਗਾ ਦੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਦੀ ਅਗਵਾਈ ਵਿਚ, ਡਾ. ਅਮਨਦੀਪ ਅਰੋੜਾ ਦੇ ਦਫਤਰ ਸਾਹਮਣੇ ਸੰਕੇਤਕ ਧਰਨਾ ਦੇ ਕੇ, ਸਰਪੰਚਾਂ ਤੇ ਢਾਹੇ ਜਾ ਰਹੇ ਕਥਿਤ ਜ਼ੁਲਮਾਂ ਖਿਲਾਫ ਰੋਸ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਰਵੀ ਗਰੇਵਾਲ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਤੋਂ ਇਲਾਵਾ ਵਿਧਾਇਕ ਡਾ. ਹਰਜੋਤ ਕਮਲ ਦੇ ਪੁਰਾਣੇ ਸਾਥੀ ਆਗੂ ਵੀ ਧਰਨੇ ਵਿਚ ਸ਼ਾਮਿਲ ਹੋਏ। ਵਿਧਾਇਕ ਡਾ. ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਬੇਸ਼ੱਕ ਆਮ ਲੋਕਾਂ ਨੇ ਮਹਿਜ਼ ਬਦਲਾਅ ਦੀ ਭਾਵਨਾ ਨਾਲ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਪੀਂ ਸੀ ਪਰ ਆਮ ਆਦਮੀ ਪਾਰਟੀ, ਸਿਆਸੀ ਬਦਲਾਖੋਰੀ ਦੇ ਰਾਹ ਚੱਲ ਕੇ, ਪਰਚੇ ਦਰਜ ਕਰਵਾਉਂਦਿਆਂ, ਸਿਆਸੀ ਵਿਰੋਧੀਆਂ ਨੂੰ ਦਬਾਉਣ ਦੇ ਰਾਹ ਚੱਲ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਪੰਚਾਂ ਖਾਸ ਕਰ ਦਲਿਤ ਸਰਪੰਚਾਂ 'ਤੇ ਮਾਨਸਿਕ ਦਬਾਅ ਬਣਾ ਕੇ ਆਪਣੇ ਚਹੇਤਿਆਂ ਨੂੰ ਖੁਸ਼ ਕਰ ਰਹੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ । ਡਾ. ਹਰਜੋਤ ਨੇ ਕਿਹਾ ਕਿ ਸਰਪੰਚ ਦਾ ਕਸੂਰ ਸਿਰਫ ਹੀ ਸੀ ਕਿ ਉਸ ਨੇ ਜਨਤਕ ਤੌਰ ਤੇ ਇਹ ਕਿਹਾ ਕਿ ਜਿਸ ਸੜਕ ਦਾ ਨੀਂਹ ਪੱਥਰ ਵਿਧਾਇਕਾ ਰੱਖਣ ਆਈ ਹੈ ਉਹ ਸੜਕ ਤਾਂ ਵਿਧਾਇਕ ਡਾ. ਹਰਜੋਤ ਕਮਲ ਨੇ 2021 ਵਿਚ ਪਾਸ ਕਾਰਵਾਈ ਸੀ। ਡਾ. ਹਰਜੋਤ ਨੇ ਕਿਹਾ ਕਿ ਇਸ ਗੱਲ ਤੇ ਭੜਕੀ ਵਿਧਾਇਕਾ ਨੇ ਦਬਾਅ ਪਾ ਕੇ ਮਜੂਦਾ ਸਰਪੰਚ,ਉਸਦੇ ਪੁੱਤਰ ਅਤੇ ਧੀ ਨੂੰ ਗ੍ਰਿਫਤਾਰ ਕਰਵਾਇਆ। ਡਾ. ਹਰਜੋਤ ਨੇ ਕਿਹਾ ਕਿ ਉਹਨਾਂ ਬੜੀ ਮੁਸ਼ਕਿਲ ਨਾਲ ਠਾਣੇ ਵਿਚੋਂ ਸਰਪੰਚ ਦੀ 15 ਸਾਲ ਧੀ ਨੂੰ ਮੁਕਤ ਕਰਵਾ ਕੇ ਘਰੇ ਭੇਜਿਆ ਜਦ ਕਿ ਸਰਪੰਚ ਅਤੇ ਉਸਦੇ ਪੁੱਤਰ ਖਿਲਾਫ ਸਖ਼ਤ ਧਾਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗ੍ਰਿਫਤਾਰ ਵੀ ਕੀਤਾ ਗਿਆ ਹੈ । ਉਹਨਾਂ ਕਿਹਾ ਕਿ 30 ਸਾਲਾਂ ਤੋਂ ਬੰਦ ਪਈ ਡਿਸਪੈਂਸਰੀ ਦੀ ਗਰਾਊਂਡ ਵਿਚ ਸਰਪੰਚ ਦੀ ਪਈ ਤੂੜੀ ਅਤੇ ਪਾਥੀਆਂ ਨੂੰ ਲੈ ਕੇ ਵਾਵੇਲਾ ਖੜ੍ਹਾ ਕਰਨਾ ਕਤਈ ਉਚਿਤ ਨਹੀਂ । ਡਾ. ਹਰਜੋਤ ਨੇ ਕਿਹਾ ਕਿ ਵਿਧਾਇਕ ਡਾ. ਅਮਨਦੀਪ ਅਰੋੜਾ ਨੂੰ ਯਾਦ ਰੱਖਣਾ ਚਾਹੀਦਾ ਕਿ ਉਹ ਲੋਕ ਨੁਮਾਇੰਦੇ ਹਨ ਅਤੇ ਉਹਨਾਂ ਨੂੰ ਲੋਕ ਹਿਤੈਸ਼ੀ ਬਣ ਕੇ ਵਿਚਰਨਾ ਚਾਹੀਦਾ ਨਾ ਕਿ ਬਦਲਾਖੋਰੀ ਦੀ ਡਗਰ ਤੇ ਚੱਲ ਕੇ ਪਿੰਡਾਂ ਦਾ ਆਪਸੀ ਭਾਈਚਾਰਾ ਤੋੜਨ ਦੇ ਰਾਹ ਪੈਣਾ ਚਾਹੀਦਾ।ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਆਖਿਆ ਕਿ ਉਹ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਖੜੇ ਰਹਿਣਗੇ ਅਤੇ ਜਿੱਥੇ ਕਿਤੇ ਵੀ ਆਮ ਆਦਮੀ ਪਾਰਟੀ, ਲੋਕ ਹਿਤਾਂ ਨਾਲ ਖਿਲਵਾੜ ਕਰੇਗੀ, ਉਹ ਜ਼ੁਲਮ ਦੇ ਖਿਲਾਫ ਡੱਟ ਕੇ ਵਿਰੋਧ ਕਰਨਗੇ।