ਇਮਤਿਹਾਨਾ ਦੇ ਦਿਨ ਹੋਣ ਕਰਕੇ ਬੱਚਿਆਂ ਅਤੇ ਅਧਿਆਪਕਾਂ ਦਾ ਧਿਆਨ ਨਾ ਭਟਕਾਇਆ ਜਾਵੇ : ਢਿੱਲਵਾਂ

ਕੋਟਕਪੂਰਾ, 20 ਮਾਰਚ (ਜਸ਼ਨ :- ਆਮ ਆਦਮੀ ਪਾਰਟੀ ਦਿੱਲੀ ਦੀ ਤਰਾਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੈ, ਇਸ ਲਈ ਸਮੁੱਚੇ ਸਟਾਫ ਅਤੇ ਉੱਚ ਅਧਿਕਾਰੀਆਂ ਨੂੰ ਬਕਾਇਦਾ ਵਿਸ਼ਵਾਸ਼ ਵਿੱਚ ਲੈ ਕੇ ਹੀ ਸੁਧਾਰ ਕੀਤਾ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਜਿਲਾ ਫਰੀਦਕੋਟ ਦੇ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਨੇ ਆਖਿਆ ਕਿ ਪਾਰਟੀ ਹਾਈਕਮਾਂਡ ਵਲੋਂ ਪੰਜਾਬ ਭਰ ਦੇ ਸੁਹਿਰਦ ਸੱਜਣਾ ਨੂੰ ਵਾਰ ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਕਿ ਬੱਚਿਆਂ ਦੇ ਇਮਤਿਹਾਨਾ ਦੇ ਦਿਨ ਹੋਣ ਕਾਰਨ ਕੋਈ ਵੀ ਸੱਜਣ ਸਕੂਲਾਂ ਵਿੱਚ ਜਾ ਕੇ ਬੱਚਿਆਂ ਅਤੇ ਅਧਿਆਪਕਾਂ ਦਾ ਧਿਆਨ ਭਟਕਾਉਣ ਦੀ ਕੌਸ਼ਿਸ਼ ਨਾ ਕਰੇ, ਕਿਉਂਕਿ ਇਸ ਨਾਲ ਜਿੱਥੇ ਬੱਚਿਆਂ ਦੀ ਪੜਾਈ ਪ੍ਰਭਾਵਿਤ ਹੋਵੇਗੀ, ਉੱਥੇ ਮੁਲਾਜ਼ਮ ਵਰਗ ਵੀ ਇਸ ਪ੍ਰਤੀ ਰੋਸ ਪ੍ਰਗਟਾ ਰਿਹਾ ਹੈ। ਸੁਖਜੀਤ ਸਿੰਘ ਢਿੱਲਵਾਂ ਨੇ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਂਡ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਿਹਤ ਅਤੇ ਸਿੱਖਿਆ ਸੁਧਾਰਾਂ ਲਈ ਖੁਦ ਬਹੁਤ ਗੰਭੀਰ ਹੈ। ਉਹਨਾਂ ਦਾਅਵਾ ਕੀਤਾ ਕਿ ਅਗਾਮੀ ਦਿਨਾ ਵਿੱਚ ਪੰਜਾਬ ਭਰ ਦੇ ਸਾਰੇ ਅਜਿਹੇ ਅਦਾਰਿਆਂ ਵਿੱਚ ਲੋੜੀਂਦੀਆਂ ਸਹੂਲਤਾਂ ਉਪਬਲਧ ਕਰਵਾ ਕੇ ਸੁਧਾਰਾਂ ਲਈ ਇਨਕਲਾਬੀ ਕਦਮ ਚੁੱਕੇ ਜਾਣਗੇ। ਉਹਨਾ ਮੰਨਿਆ ਕਿ ਦੇਸ਼ ਦੀ ਆਜਾਦੀ ਦੇ 75 ਸਾਲਾਂ ਬਾਅਦ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਸਹਿਜ ਅਤੇ ਸੰਜਮ ਦੀ ਲੋੜ ਹੁੰਦੀ ਹੈ ਪਰ ਹੁਣ ਪੰਜਾਬ ਭਰ ਦੇ ਮੁਲਾਜਮ ਵਰਗ ਨੇ ਵੀ ਸਿਸਟਮ ਵਿੱਚ ਸੁਧਾਰ ਸਬੰਧੀ ਹਰ ਤਰਾਂ ਦੇ ਸਹਿਯੋਗ ਦੀ ਪੇਸ਼ਕਸ਼ ਕਰ ਦਿੱਤੀ ਹੈ, ਜਿਸ ਨਾਲ ਅਗਾਮੀ ਦਿਨਾਂ ਵਿੱਚ ਸਾਰਿਆਂ ਨੂੰ ਸਿਸਟਮ ਵਿੱਚ ਸੁਧਾਰ ਅਰਥਾਤ ਇਨਕਲਾਬੀ ਤਬਦੀਲੀਆਂ ਦਿਖਾਈ ਦੇਣੀਆਂ ਸੁਭਾਵਿਕ ਹਨ।