ਮੋਗਾ 'ਚ ਕਾਂਗਰਸ ਨੂੰ ਵੱਡਾ ਝੱਟਕਾ,ਟਕਸਾਲੀ ਕਾਂਗਰਸੀ ਐਡਵੋਕੇਟ ਰਾਜਨ ਅਗਰਵਾਲ, ਆਮ ਆਦਮੀ ਪਾਰਟੀ 'ਚ ਹੋਏ ਸ਼ਾਮਿਲ
ਮੋਗਾ 03 ਫ਼ਰਵਰੀ(ਜਸ਼ਨ): ਅੱਜ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਜਦੋਂ ਟਕਸਾਲੀ ਕਾਂਗਰਸੀ ਆਗੂ ਐਡਵੋਕੇਟ ਰਾਜਨ ਅਗਰਵਾਲ ਨੇ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ 'ਆਪ' ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ । ਇਸ ਸਮੇਂ ਹਲਕਾ ਮੋਗਾ ਤੋਂ ਉਮੀਦਵਾਰ ਅਮਨਦੀਪ ਕੌਰ ਅਰੋੜਾ, ਹਲਕਾ ਲੋਕ ਸਭਾ ਫਰੀਦਕੋਟ ਦੇ ਅਬਜ਼ਰਵਰ ਵਿਧਾਇਕ ਸ਼ਰਦ ਚੌਹਾਨ,ਕੰਪੇਨ ਇੰਚਾਰਜ ਪਿਆਰਾ ਸਿੰਘ ਬੱਧਨੀ ,ਸੋਨੀਆ ਢੰਡ ,ਕੌਂਸਲਰ ਹਰਜਿੰਦਰ ਸਿੰਘ ਰੋਡੇ, ਕਿਰਨ ਹੁੰਦਲ,ਕੌਂਸਲਰ ਬਲਜੀਤ ਚਾਨੀ,ਐਡਵੋਕੇਟ ਕੇ. ਪੀ. ਬਾਵਾ, ਦੀਪ ਸ਼ਰਮਾ, ਜਗਜੀਤ ਡਗਰੂ, ਅਵਤਾਰ ਬੰਟੀ, ਜਗਦੀਸ਼ ਸ਼ਰਮਾ ਅਤੇ ਹੋਰ ਆਗੂ ਮੌਜੂਦ ਸਨ। ਇਸ ਸਮੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਰਾਜਨ ਅਗਰਵਾਲ ਨੇ ਆਖਿਆ ਕਿ ਕੇਜਰੀਵਾਲ ਰਾਜਨੀਤੀ 'ਚ ਵਿਲੱਖਣਤਾ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਜਿੱਥੇ ਪਹਿਲਾਂ ਲੋਕ ਮੁੱਦੇ ਸੜਕਾਂ , ਸਟ੍ਰੀਟ ਲਾਈਟਾਂ , ਪਾਣੀ ਆਦਿ ਹੁੰਦੇ ਸਨ, ਆਮ ਆਦਮੀ ਪਾਰਟੀ ਦੇ ਆਉਣ ਨਾਲ ਇਹ ਮੁੱਦੇ ਬਦਲ ਗਏ ਹਨ। ਹੁਣ ਆਮ ਲੋਕਾਂ ਲਈ ਵਧੀਆ ਅਤੇ ਮੁਫ਼ਤ ਸਿੱਖਿਆ ਇੱਕ ਮੁੱਦਾ ਬਣ ਚੁੱਕਾ ਹੈ। ਉਹਨਾਂ ਕਿਹਾ ਕਿ ਪੰਜਾਬ 'ਚ ਸਿਹਤ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ ਜਦਕਿ ਜੇ ਦਿੱਲੀ ਦੀ ਗੱਲ ਕਰੀਏ ਤਾਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਬਣੀ ਹੈ ਤਾਂ ਉਥੋਂ ਦੇ ਹਸਪਤਾਲਾਂ ਦੀ ਕੇਜਰੀਵਾਲ ਸਰਕਾਰ ਨੇ ਕਾਇਆ ਕਲਪ ਕਰਕੇ ਰੱਖ ਦਿੱਤੀ ਹੈ ਇਸ ਕਰਕੇ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਇਸ ਤਰਾਂ ਦੀ ਸਰਕਾਰ ਆਵੇ ਜੋ ਪੰਜਾਬ ਨੂੰ ਤਰੱਕੀ ਵੱਲ ਨੂੰ ਲੈ ਕੇ ਜਾਵੇ।
ਹਲਕਾ ਮੋਗਾ ਤੋਂ ਉਮੀਦਵਾਰ ਅਮਨਦੀਪ ਕੌਰ ਅਰੋੜਾ ਨੇ ਐਡਵੋਕੇਟ ਰਾਜਨ ਅਗਰਵਾਲ ਦੇ ਨਾਲ ਉਹਨਾਂ ਦੇ ਸਾਥੀਆਂ ਕਮਲ ਕਿਸ਼ੋਰ ਅਰੋੜਾ ,ਵਿਨੋਦ ਗੋਇਲ ,ਪਿਯੂਸ਼ ਅੱਗਰਵਾਲ ,ਲਖਵਿੰਦਰ ਸਿੰਘ ਗਿੱਲ ਆਦਿ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਤੇ ਸਨਮਾਨ ਕੀਤਾ। ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਇਹਨਾਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਪਾਰਟੀ ਨੂੰ ਮੋਗਾ ਵਿੱਚ ਵੱਡੀ ਮਜ਼ਬੂਤੀ ਮਿਲੇਗੀ।
ਜ਼ਿਕਰਯੋਗ ਹੈ ਕਿ ਟਕਸਾਲੀ ਕਾਂਗਰਸੀ ਵਜੋਂ ਜਾਣੇ ਜਾਂਦੇ ਐਡਵੋਕੇਟ ਰਾਜਨ ਅਗਰਵਾਲ ਆਜ਼ਾਦੀ ਸੰਗਰਾਮੀਆਂ ਦੇ ਪਰਿਵਾਰ ਵਿਚੋਂ ਨੇ ਅਤੇ ਉਹਨਾਂ ਦੇ ਦਾਦਾ ਸ੍ਰੀ ਹੰਸ ਰਾਜ ਨੇ ਧਰਮਕੋਟ ਹਲਕੇ ਵਿਚ ਅੰਗਰੇਜਾਂ ਦੇ ਝੰਡੇ ਸਾੜਨ ਦੇ ਮਿਸ਼ਨ ਦੀ ਅਗਵਾਈ ਕੀਤੀ ਸੀ।ਐਡਵੋਕੇਟ ਰਾਜਨ ਅਗਰਵਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਪਾਰਟੀ ਟਿਕੇਟ ਲਈ ਯਤਨਸ਼ੀਲ ਸਨ। ਵਕਾਲਤ ਦੇ ਨਾਲ ਨਾਲ ਸਿਖਿਆ ਸੰਸਥਾਵਾਂ ਚਲਾ ਕੇ ਸਮਾਜ ਸੇਵਾ ਕਰਨ ਵਾਲੇ ਐਡਵੋਕੇਟ ਰਾਜਨ ਅਗਰਵਾਲ ਦਾ ਮੋਗਾ ਸ਼ਹਿਰ ਅਤੇ ਲਾਗਲੇ ਪਿੰਡਾਂ ਵਿਚ ਵੱਡਾ ਜਨਤਕ ਆਧਾਰ ਹੈ। ਐਡਵੋਕੇਟ ਰਾਜਨ ਅਗਰਵਾਲ ਦੇ ਆਮ ਆਦਮੀ ਪਾਰਟੀ ਵਿਚ ਜਾਣ ਨੂੰ ਲੈ ਕੇ ਸ਼ਹਿਰ ਵਾਸੀ ਹੈਰਾਨ ਹਨ ਕਿਉਂਕਿ ਐਡਵੋਕੇਟ ਰਾਜਨ ਅਗਰਵਾਲ ਦਾ ਕਾਂਗਰਸ ਨੂੰ ਛੱਡ ਕੇ ਜਾਣਾ ,ਕਾਂਗਰਸ ਲਈ ਵੱਡਾ ਝਟਕਾ ਹੈ।