ਸੰਜੀਵ ਕੋਛੜ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ

ਮੋਗਾ, 13 ਜਨਵਰੀ (ਜਸ਼ਨ ): ਆਮ ਆਦਮੀ ਪਾਰਟੀ ਦੇ ਧਰਮਕੋਟ ਤੋਂ  ਸਾਬਕਾ  ਹਲਕਾ ਇੰਚਾਰਜ ਅਤੇ ਸੰਯੁਕਤ ਸਕੱਤਰ ਪੰਜਾਬ , ਸੰਜੀਵ ਕੋਛੜ ਨੇ ਅੱਜ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਸੋਸ਼ਲ ਮੀਡਿਆ ਤੇ ਪਾਏ ਹੱਥ ਲਿਖਤ ਅਸਤੀਫੇ ਮੁਤਾਬਿਕ ਉਹਨਾਂ ਅਸਤੀਫਾ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਭੇਜਿਆ ਹੈ। ਪੰਜਾਬ ਵਿਚ ਵਾਪਰ ਰਹੀਆਂ ਸਿਆਸੀ ਘਟਨਾਵਾਂ ਕਾਰਨ ਆਮ ਲੋਕਾਂ ਵਿਚ ਹੈਰਾਨੀ ਦਾ ਆਲਮ ਹੈ। ਸੰਜੀਵ ਕੋਛੜ ਨੇ  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਉਹ ਲੋਕ ਹਿੱਤ ਵਿਚ ਅਗਲਾ ਫੈਸਲਾ ਲੈਣਗੇ। ਇਹ ਪੁੱਛੇ ਜਾਣ ’ਤੇ ਕਿਹੜੀ ਪਾਰਟਂ ਵਿਚ ਸ਼ਮੂਲੀਅਤ ਕਰੋਂਗੇ ਦੇ ਜਵਾਬ ਵਿਚ ਕੋਛੜ ਨੇ ਆਖਿਆ ਕਿ ਉਹ ਆਪ ਦੇ ਵਲੰਟੀਅਰਜ਼ ਅਤੇ ਆਮ ਲੋਕਾਂ ਨਾਲ ਰਾਏ ਕਰਕੇ ਨਵੀਂ ਪਾਰਟੀ ਵਿਚ ਸ਼ਾਮਲ ਹੋਣਗੇ ਕਿਉਂਕਿ ਹਾਲ ਦੀ ਘੜੀ ਵੱਖ ਵੱਖ ਪਾਰਟੀਆਂ ਵੱਲੋਂ ਉਹਨਾਂ ਨੂੰ ਸ਼ਮੂਲੀਅਤ ਲਈ ਸੱਦਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਸੇਵਾ ਨਿਭਾਅ ਰਹੇ ਸੰਜੀਵ ਕੋਛੜ ਦੀ ਬਜਾਏ ਪਾਰਟੀ ਨੇ ਇਸ ਵਾਰ ਕਾਂਗਰਸ ਛੱਡ ਕੇ ਆਏ ਲਾਡੀ ਢੋਸ ਨੂੰ ਧਰਮਕੋਟ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ ਅਤੇ ਉਸੇ ਦਿਨ ਤੋਂ ਇਹ ਕਿਆਸਅਰਾਈਆਂ ਚੱਲ ਰਹੀਆਂ ਸਨ ਕਿ ਕੋਛੜ ਬਾਗੀ ਤੇਵਰ ਜ਼ਰੂਰ ਦਿਖਾਏਗਾ।