ਵਿਧਾਇਕ ਡਾ: ਹਰਜੋਤ ਕਮਲ ਨੇ ਸੋਸਣ ਤੋਂ ਖੁਖਰਾਣਾ ਲਈ ਨਵੀਂ ਸੜਕ ’ਤੇ ਪ੍ਰੀਮਿਕਸ ਪੈਣ ਦੀ ਕਰਵਾਈ ਸ਼ੁਰੂਆਤ
*ਪਿੰਡ ਦੀ ਫਿਰਨੀ ਅਤੇ ਗੁਰਦੁਆਰਾ ਸਾਹਿਬ ਵਾਲੀ ਸੜਕ ਦੇ ਮੁਕੰਮਲ ਹੋਣ ਨਾਲ ਪਿੰਡ ਵਾਸੀ ਬਾਗੋ ਬਾਗ: ਗੁਰਵੰਤ ਸਿੰਘ
ਮੋਗਾ,3 ਦਸੰਬਰ (ਜਸ਼ਨ): ਪਿੰਡਾਂ ਨੂੰ ਸ਼ਹਿਰੀ ਤਰਜ਼ ’ਤੇ ਵਿਕਸਤ ਕਰਨ ਦੀ ਸੋਚ ਰੱਖਣ ਵਾਲੀ ਪੰਜਾਬ ਸਰਕਾਰ ਦਾ ਹਿੱਸਾ ਬਣੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਸੋਸਣ ਪਿੰਡ ਦੀ ਫਿਰਨੀ ਅਤੇ ਗੁਰਦੁਆਰਾ ਸਾਹਿਬ ਵਾਲੀ ’ਤੇ ਪ੍ਰੀਮਿਕਸ ਪਾਉਣ ਦਾ ਉਦਘਾਟਨ ਕੀਤਾ।
ਇਸ ਤੋਂ ਇਲਾਵਾ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ਹਲਕੇ ਦੇ ਪਿੰਡ ਸੋਸਣ ਤੋਂ ਖੁਖਰਾਣਾ ਤੱਕ ਜਾਂਦੇ ਚਾਰ ਕਿਲੋਮੀਟਰ ਕੱਚੇ ਰਸਤੇ ’ਤੇ ਅੱਜ ਪ੍ਰੀਮਿਕਸ ਪੈਣ ਦਾ ਕੰਮ ਆਰੰਭ ਹੋ ਗਿਆ । ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਖਿਆ ਕਿ ਸੋਸਣ ਤੋਂ ਖੁਖਰਾਣਾ ਤੱਕ ਜਾਂਦੀ ਇਹ 10 ਫੁੱਟ ਚੌੜੀ ਸੜਕ ’ਤੇ ਪ੍ਰੀਮਿਕਸ ਪੈਣ ਨਾਲ ਜਿੱਥੇ ਪਿੰਡ ਵਾਸੀਆਂ ਨੂੰ ਪੂਰੀ ਰਾਹਤ ਮਿਲੇਗੀ ਉੱਥੇ ਚੌੜਾ ਪੁਲ ਬਣਨ ਨਾਲ ਰਾਹਗੀਰਾਂ ਨੂੰ ਵੀ ਆਪਣੀ ਮੰਜ਼ਿਲ ’ਤੇ ਅਪੜਨ ਲਈ ਆਉਂਦੀ ਔਖਿਆਈ ਤੋਂ ਨਿਜਾਤ ਮਿਲੇਗੀ।
‘ਸੰਤ ਮਹੇਸ਼ ਮੁਨੀ ਜੀ ਸਪੋਰਟਸ ਐਂਡ ਵੈਲਫੇਅਰ ਕਲੱਬ ਸੋਸਣ’ ਦੇ ਪ੍ਰਧਾਨ ਗੁਰਵੰਤ ਸਿਵੀਆ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਅਤੇ ਗੁਰਦੁਆਰਾ ਸਾਹਿਬ ਵਾਲੀ ਲਗਭਗ ਇਕ ਕਿਲੋਮੀਟਰ ਦੀ ਸੜਕ, ਜਿਸ ’ਤੇ ਪਹਿਲਾਂ ਇੱਟਾਂ ਲੱਗੀਆਂ ਹੋਈਆਂ ਸਨ ਅਤੇ ਉਹ ਵੀ ਖਸਤਾ ਹਾਲ ਹੋ ਗਈਆਂ ਸਨ , ’ਤੇ ਵੀ ਪ੍ਰੀਮਿਕਸ ਪੈਣ ਨਾਲ ਪਿੰਡ ਵਾਸੀ ਬਾਗੋ ਬਾਗ ਹਨ ।
ਇਸ ਪ੍ਰੌਜੈਕਟ ਲਈ ਗੁਰਵੰਤ ਸਿਵੀਆ ਦੇ ਨਾਲ ਯਤਨਸ਼ੀਲ ਰਹੇ ਚੇਅਮਰੈਨ ਦੀਸ਼ਾ ਬਰਾੜ ਨੇ ਦੱਸਿਆ ਕਿ ਠੇਕੇਦਾਰ ਮੁਤਾਬਕ ਸਮੁੱਚਾ ਪ੍ਰੌਜੈਕਟ 31 ਦਸੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਲਖਵਿੰਦਰ ਬਰਾੜ ਹੌਲੈਂਡ, ਮਨਪ੍ਰੀਤ ਸਿੰਘ ਪੰਚ, ਇਕਬਾਲ ਸਿੰਘ ਪੰਚ, ਗੋਪੀ ਸਿਵੀਆ, ਹੈਰੀ ਸਿਵੀਆ, ਗੁਰਜੀਤ ਸਿਵੀਆ, ਸਿੰਮੀ ਸੇਖੋਂ, ਸੁੱਖਾ ਸਿਵੀਆ, ਪੱਪੂ ਸਿਵੀਆ, ਬਲਦੇਵ ਸਿਵੀਆ ਨੇ ਆਖਿਆ ਕਿ ਪਿੰਡ ਵਾਸੀ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਬਿਨਾਂ ਪੱਖਪਾਤ ਦੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਸੰਤੁਸ਼ਟ ਹੋ ਕੇ ਵਿਧਾਇਕ ਦਾ ਧੰਨਵਾਦ ਕਰਦੇ ਨਹੀਂ ਥੱਕਦੇ। ਉਹਨਾਂ ਆਖਿਆ ਕਿ ਵਿਧਾਇਕ ਦੇ ਸੁਹਿਰਦ ਯਤਨਾਂ ਸਦਕਾ ਲੰਬੇ ਸਮੇਂ ਤੋਂ ਪਏ ਕੱਚੇ ਰਸਤੇ ਪੱਕੇ ਹੋ ਗਏ ਹਨ ਜੋ ਕਿ ਸਮੇਂ ਦੀ ਲੋੜ ਸੀ।