ਸ੍ਰੀ ਹੇਮਕੁੰਟ ਸਕੂਲ ਵਿਖੇ ਲਗਾਇਆ ਵੋਟਰ ਜਾਗਰੂਕਤਾ ਸੈਮੀਨਾਰ
ਮੋਗਾ, 23 ਨਵੰਬਰ (ਜਸ਼ਨ): ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਯੁਵਕ ਸੇਵਾਵਾਂ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਵੋਟਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵੋਟ ਦੀ ਮਹੱਤਤਾ ਬਾਰੇ ਵਲੰਟੀਅਰਜ਼ ਨੂੰ ਦੱਸਿਆ ਕਿ ਵੋਟ ਸਾਡਾ ਜਨਮ ਸਿੱਧ ਅਧਿਕਾਰ ਹੈ। ਉਹਨਾਂ ਆਖਿਆ ਕਿ ਇੱਕ ਚੰਗੇ ਨੇਤਾ ਦੀ ਚੋਣ ‘ਤੇ ਹੀ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ ਅਤੇ ਚੰਗਾ ਨੇਤਾ ਹੀ ਸਾਡੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾ ਸਕਦਾ ਹੈ । ਉਹਨਾਂ ਆਖਿਆ ਕਿ ਅਸੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਚੰਗੇ ਨੇਤਾ ਦੀ ਚੋਣ ਕਰਕੇ ਆਪਣੇ ਦੇਸ਼ ਪ੍ਰਤੀ ਵਫਾਦਾਰੀ ਨਿਭਾ ਸਕਦੇ ਹਾਂ। ਇਸ ਮੌਕੇ ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਵਲੰਟੀਅਰਜ਼ ਨੂੰ ਵੋਟ ਦੇ ਅਧਿਕਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰੋਗਰਾਮ ਅਫਸਰ ਅਮੀਰ ਸਿੰਘ, ਸੁਰਿੰਦਰ ਕੌਰ ਅਤੇ ਦਵਿੰਦਰ ਕੌਰ ਹਾਜ਼ਰ ਸੀ ।