‘ਸੜਕ ਸੁਰੱਖਿਆ ਦਿਵਸ ’ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰਣ ਦਿਵਾਇਆ
*ਸ਼ਰਾਬ ਨਾ ਪੀ ਕੇ ਗੱਡੀ ਚਲਾਉਣ ਅਤੇ ਮੋਬਾਈਲ ਨਾ ਵਰਤਣ ਸਦਕਾ ਹੀ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਨੇ : ਵਿਧਾਇਕ ਡਾ: ਹਰਜੋਤ ਕਮਲ
ਮੋਗਾ, 14 ਨਵੰਬਰ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ , ਉੱਪ ਮੁੰਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ’ਤੇ ਅੱਜ ਸਮੁੱਚੇ ਪੰਜਾਬ ਵਿਚ ‘ਸੜਕ ਸੁਰੱਖਿਆ ਦਿਵਸ ’ ਮਨਾਇਆ ਗਿਆ । ਮੋਗਾ ਜ਼ਿਲ੍ਹੇ ਵਿਚ ਮੇਨ ਚੌਂਕ, ਆਈ ਟੀ ਆਈ, ਟਰੱਕ ਯੂਨੀਅਨ ਅਤੇ ਬਾਘਾਪੁਰਾਣਾ ਵਿਖੇ ਹੋਏ ਵੱਡੇ ਜਾਗਰੂਕਤਾ ਸਮਾਗਮਾਂ ਦੌਰਾਨ ਮੇਨ ਚੌਂਕ ਵਿਖੇ ਟਰੈਫਿਕ ਇੰਚਾਰਜ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਵਿਚ ਹੋਏ ਟਰੈਫਿਕ ਜਾਗਰੂਕਤਾ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰਣ ਦਿਵਾਇਆ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਆਖਿਆ ਕਿ ਸਾਡੀ ਬੇਧਿਆਨੀ ਅਤੇ ਤੇਜ਼ ਰਫ਼ਤਾਰ ਗੱਡੀ ਚਲਾਉਣ ਕਾਰਨ ਅਕਸਰ ਦੁਰਘਟਨਾਵਾਂ ਵਾਪਰਦੀਆਂ ਹਨ ਅਤੇ ਕੀਮਤੀ ਜਾਨਾਂ ਅਜਾਂਈ ਚਲੀਆਂ ਜਾਂਦੀਆਂ ਨੇ । ਉਹਨਾਂ ਆਖਿਆ ਕਿ ਅੱਜ ਦੇ ਦਿਨ ਸੜਕਾਂ ’ਤੇ ਸੁੱਰਖਿਆ ਨੂੰ ਉਤਸ਼ਹਿਤ ਕਰਕੇ ਸੜਕ ਹਾਦਸਿਆਂ ਦੀ ਦਰ ਨੂੰ ਘਟਾਉਣਾ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਕਦੇ ਵੀ ਸ਼ਰਾਬ ਦੇ ਪ੍ਰਭਾਵ ਹੇਠ ਗੱਡੀ ਨਾ ਚਲਾਈਏ, ਖਤਰਨਾਮ ਤਰੀਕੇ ਨਾਲ ਗੱਡੀ ਚਲਾਉਣ ਅਤੇ ਤੇਜ਼ ਰਫਤਾਰ ਗੱਡੀ ਭਜਾਉਣ ਤੋਂ ਗੁਰੇਜ਼ ਕਰੀਏ। ਉਹਨਾਂ ਆਖਿਆ ਕਿ ਸਾਲ 2019 ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਨਤੀਜੇ ਵਜੋਂ ਸਮੁੱਚੇ ਦੇਸ਼ ਵਿਚ 12256 ਸੜਕ ਹਾਦਸੇ ਹੋਏ ਜਿਹਨਾਂ ਵਿਚ 5325 ਲੋਕਾਂ ਦੀ ਜਾਨ ਗਈ ਤੇ ਇਸੇ ਤਰਾਂ ਮੋਬਾਈਲ ਫ਼ੋਨ ਸੁਣਦਿਆਂ ਗੱਡੀ ਚਲਾਉਣ ਮੌਕੇ 10522 ਸੜਕ ਹਾਦਸੇ ਹੋਏ ਜਿਹਨਾਂ ਵਿਚ 4945 ਮੌਤਾਂ ਹੋਈਆਂ। ਉਹਨਾਂ ਆਖਿਆ ਕਿ ਸਿਰਫ਼ ਸ਼ਰਾਬ ਨਾ ਪੀਣ ਅਤੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਨਾ ਵਰਤਣ ਨਾਲ ਹੀ ਹਜ਼ਾਰਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਐਂਬੂਲੈਂਸ ਦਾ ਸਾਈਰਨ ਸੁਣਦਿਆਂ ਹੀ ਵੈਨਾਂ ਨੂੰ ਰਾਹ ਦੇਣ ਲਈ ਗੱਡੀ ਇਕ ਪਾਸੇ ਲਗਾ ਲੈਣ ਤਾਂ ਕਿ ਐਂਬੂਲੈਂਸ ਵਿਚਲੇ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕੇ। ਉਹਨਾਂ ਆਖਿਆ ਕਿ ਚਲਾਣ ਅਤੇ ਜ਼ੁਰਮਾਨੇ ਸਮੱਸਿਆ ਦਾ ਹੱਲ ਨਹੀਂ ਸਗੋਂ ਸਾਨੂੰ ਆਪਣੇ ਸੁਭਾਅ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਂ ਕਿ ਪੁਲਿਸ ਨੂੰ ਸਖਤ ਕਦਮ ਉਠਾਉਣ ਦੀ ਲੋੜ ਨਾ ਪਵੇ। ਅੱਜ ਦੇ ਸਮਾਗਮ ਵਿਚ ਐਨ ਆਰ ਆਈ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਰਣੀਆ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਯੂਥ ਕਾਂਗਰਸ ਪ੍ਰਧਾਨ ਨਵੀ ਤੂਰ, ਚੇਅਰਮੈਨ ਸੁਰਿੰਦਰ ਬਾਵਾ, ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ, ਨਿਰਮਲ ਸਿੰਘ, ਪ੍ਰਧਾਨ ਗੁਰਜੰਟ ਸਿੰਘ ਮਾਨ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਛਿੰਦਾ ਬਰਾੜ, ਚੇਅਰਮੈਨ ਦੀਸ਼ਾ ਬਰਾੜ, ਕੌਂਸਲਰ ਲਖਵਿੰਦਰ ਸਿੰਘ ਲੱਖਾ ਦੁੱਨੇਕੇ ਆਦਿ ਹਾਜ਼ਰ ਸਨ।