ਇੰਨਰ ਵੀਲ੍ਹ ਕਲੱਬ ਮੋਗਾ ਰਾਇਲ ਵੱਲੋਂ ‘ਬਾਲ ਦਿਵਸ’ ਮੌਕੇ ਕਰਵਾਏ ਸਮਾਗਮ ‘ਚ ਵਿਧਾਇਕ ਡਾ: ਹਰਜੋਤ ਕਮਲ ਅਤੇ ਡਾ: ਰਜਿੰਦਰ ਨੇ ਕੀਤੀ ਸ਼ਿਰਕਤ

*ਅੱਜ ਦੇ ਬੱਚੇ ਕੱਲ ਦਾ ਭਵਿੱਖ,ਅਤੇ ਭਵਿੱਖ ਨੂੰ ਰੌਸ਼ਨ ਰੱਖਣ ਲਈ ਬੱਚਿਆਂ ਦੀ ਸਹੀ ਪਰਵਰਿਸ਼ ਹੋਣੀ ਬੇਹੱਦ ਜ਼ਰੂਰੀ : ਵਿਧਾਇਕ ਡਾ: ਹਰਜੋਤ ਕਮਲ  
ਮੋਗਾ, 14 ਨਵੰਬਰ (ਜਸ਼ਨ): ਅੱਜ ‘ਬਾਲ ਦਿਵਸ’ ਮੌਕੇ ਇੰਨਰ ਵੀਲ੍ਹ ਕਲੱਬ ਮੋਗਾ ਰਾਇਲ ਵੱਲੋਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਾਘੀ ਰਿਜ਼ੋਰਟ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪ੍ਰੋਜੈਕਟ ਹੈੱਡ ਸ਼੍ਰੀਮਤੀ ਆਂਚਲ ਗਰੋਵਰ ਅਤੇ ਸ਼੍ਰੀਮਤੀ ਬਾਲਾ ਖੰਨਾ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਅਤੇ ਡਾ: ਰਜਿੰਦਰ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਐਡਵੋਕੇਟ ਚੰਦਰ ਭਾਨ ਖੇੜਾ ਦੀ ਦੇਖ ਰੇਖ ਹੇਠ ਸਲੱਮ ਖੇਤਰ ਵਿਚ ਚੱਲ ਰਹੇ ‘ਵਿਦਰਿੰਗ ਰੋਜ਼ਿਜ਼ ਮੈਮੋਰੀਅਲ ਚਾਇਲਡ ਕੇਅਰ ਸੈਂਟਰ’ ਦੇ ਬੱਚਿਆਂ ਨਾਲ ਗੱਲਬਾਤ ਕੀਤੀ । ਇਸ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮਦਿਨ ਨੂੰ ਹਰ ਸਾਲ ਬਾਲ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਹਨਾਂ ਆਖਿਆ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬੱਚਿਆਂ ਨਾਲ ਬੇਹੱਦ ਲਗਾਓ ਸੀ ਅਤੇ ਬੱਚੇ ਵੀ ਨਹਿਰੂ ਜੀ ਨੂੰ ਚਾਚਾ ਨਹਿਰੂ ਆਖ ਕੇ ਪੁਕਾਰਦੇ ਸਨ , ਇਸੇ ਲਈ ਇਹ ਖਾਸ ਦਿਨ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਅੱਜ ਦੇ ਬੱਚੇ ਹੀ ਦੇਸ਼ ਦਾ ਭਵਿੱਖ ਹਨ ਅਤੇ ਭਵਿੱਖ ਨੂੰ ਰੌਸ਼ਨ ਰੱਖਣ ਲਈ ਬੱਚਿਆਂ ਦੀ ਸਹੀ ਪਰਵਰਿਸ਼ ਹੋਣੀ ਬੇਹੱਦ ਜ਼ਰੂਰੀ ਹੈ।  ਉਹਨਾਂ ਸਮਾਗਮ ਦੌਰਾਨ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਕੋਮਲ ਭਾਵਨਾਵਾਂ ਨੂੰ ਸਮਝਣ ਅਤੇ ਉਹਨਾਂ ਨੂੰ ਦੇਸ਼ ਦੇ ਵਧੀਆ ਨਾਗਰਿਕ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਦੇਸ਼ ਦਾ ਵਿਕਾਸ ਦੇਸ਼ ਦੇ ਬੱਚਿਆਂ ’ਤੇ ਟਿਕਿਆ ਹੁੰਦਾ ਹੈ , ਇਸ ਲਈ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਖੇਡਾਂ ਵੱਲ ਵੀ ਰੁਚਿਤ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਵਿਚ ਮੁਕਾਬਲੇ ਦੀ ਭਾਵਨਾ ਵਿਕਸਤ ਕੀਤੀ ਜਾ ਸਕੇ। 
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਨਿੱਕੇ ਬਾਲਾਂ ਨੂੰ ਗੋਦੀ ਚੁੱਕ ਕੇ ਉਹਨਾਂ ਨਾਲ ਕੁਝ ਪਲ ਸਾਂਝੇ ਕੀਤੇ। ਇਸ ਮੌਕੇ ਸੋਨੀ ਜੈਕਸਨ ਦੀ ਦੇਖ ਰੇਖ ਵਿਚ ਸਲੱਮ ਖੇਤਰ ‘ਚ ‘ਵਿਦਰਿੰਗ ਰੋਜ਼ਿਜ਼ ਮੈਮੋਰੀਅਲ ਚਾਇਲਡ ਕੇਅਰ ਸੈਂਟਰ’ ਦੇ ਬੱਚਿਆਂ ਨੇ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨਾਲ ਸੀਨੀਅਰ ਕਾਂਗਰਸੀ ਆਗੂ ਦੀਪਕ ਭੱਲਾ, ਕੌਂਸਲਰ ਵਿਜੇ ਖੁਰਾਣਾ, ਨਿਰਮਲ ਸਿੰਘ, ਲਵਲੀ ਸਿੰਗਲਾ, ਭਾਵਨਾ ਬਾਂਸਲ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਸਮਾਗਮ ਵਿਚ ਸ਼ਾਮਲ ਬੱਚਿਆਂ ਨੂੰ ਨੈਸਲੇ ਕੰਪਨੀ ਵੱਲੋਂ ਗਿਫ਼ਟ ਅਤੇ ਚਾਕਲੇਟਾਂ ਵੰਡੀਆਂ ਗਈਆਂ। ਬਾਲ ਦਿਵਸ ਨੂੰ ਸਮਰਪਿਤ ਸਮਾਗਮ ਨੂੰ ਸਫ਼ਲ ਕਰਨ ਲਈ ਸਮਾਜ ਸੇਵੀ ਸੰਸਥਾਵਾਂ ‘ਸੋਚ’, ‘ਕਨਜ਼ਿਊਮਰ ਰਾਈਟ ਆਗੇਨਾਈਜੇਸ਼ਨ’ , ‘ਅਗਰਵਾਲ ਵੋਮੈਨ ਸੈੱਲ’, ‘ਰੋਟਰੀ ਕਲੱਬ ਮੋਗਾ ਕਰਾਊਨ’ ਨੇ ਵਿਸ਼ੇਸ਼ ਭੂਮਿਕਾ ਨਿਭਾਈ।