ਡਾ ਐਸ. ਪੀ. ਉਬਰਾਏ ਦੀਨ ਦੁਖੀਆਂ ਦੀ ਸੇਵਾ ਲਈ ਧਰਤੀ ਤੇ ਮਸੀਹਾ ਬਣ ਕੇ ਆਏ ਹਨ - ਜਾਨੀਆਂ

**** ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ 160 ਵਿਧਵਾ ਅਤੇ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਚੈੱਕ ਤਕਸੀਮ ਕੀਤੇ ******

ਮੋਗਾ 12 ਨਵੰਬਰ (ਜਸ਼ਨ):  ਡਾ ਐਸ ਪੀ ਸਿੰਘ ਉਬਰਾਏ ਜੀ ਆਪਣੀ ਸੇਵਾ ਦੇ ਬਲਬੂਤੇ ਦੁਨੀਆ ਦੇ ਮਹਾਨ ਇਨਸਾਨਾਂ ਵਿੱਚ ਸ਼ਾਮਲ ਹੋ ਚੁੱਕੇ ਹਨ, ਜੋ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਦਾ 98% ਹਿੱਸਾ ਲੋੜਵੰਦਾਂ ਦੀ ਸਹਾਇਤਾ ਉਪਰ ਖਰਚ ਕਰ ਰਹੇ ਹਨ। ਉਹਨਾਂ ਵੱਲੋਂ ਪਿਛਲੇ ਦਸ ਸਾਲਾਂ ਵਿੱਚ ਲੱਖਾਂ ਪਰਿਵਾਰਾਂ ਅਤੇ ਕਰੋਨਾ ਨਾਲ ਨਜਿੱਠਣ ਲਈ ਸਰਕਾਰ ਦੀ ਵੱਡੀ ਦੀ ਵੱਡੀ ਮੱਦਦ ਕੀਤੀ ਗਈ ਹੈ। ਉਹਨਾਂ ਹੁਣ ਤੱਕ ਵੱਖ ਵੱਖ ਜਿਲ੍ਹਿਆਂ ਵਿੱਚ 40 ਦੇ ਕਰੀਬ ਚੈਰੀਟੇਬਲ ਲੈਬਾਰਟਰੀਆਂ ਸਥਾਪਿਤ ਕੀਤੀਆਂ ਹਨ ( ਮੋਗਾ ਸ਼ਹਿਰ ਵਿੱਚ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਲੈਬ ਚੱਲ ਰਹੀ ਹੈ ) , ਲੱਗਭਗ ਹਰ ਜਿਲ੍ਹੇ ਵਿੱਚ ਡਾਇਲਸਿਸ ਮਸ਼ੀਨਾਂ ਅਤੇ ਸਕੂਲਾਂ ਵਿੱਚ ਆਰ ਓ ਲਗਾਏ ਗਏ ਹਨ, 200 ਦੇ ਕਰੀਬ ਕਿੱਤਾਮੁਖੀ ਸਿਖਲਾਈ ਕੇਂਦਰ ਚਲਾਏ ਜਾ ਰਹੇ ਹਨ ਤੇ ਪੂਰੇ ਪੰਜਾਬ ਵਿੱਚ ਦਸ ਹਜ਼ਾਰ ਦੇ ਕਰੀਬ ਪਰਿਵਾਰਾਂ ਨੂੰ ਹਰ ਮਹੀਨੇ ਮਾਇਕ ਸਹਾਇਤਾ ਦਿੱਤੀ ਜਾ ਰਹੀ ਹੈ, ਕਰੋਨਾ ਦੇ ਦੌਰਾਨ ਸਿਹਤ ਅਤੇ ਪੁਲਿਸ ਵਿਭਾਗ ਨੂੰ ਕਰੋਨਾ ਨਾਲ ਨਜਿੱਠਣ ਲਈ ਸਾਧਨ ਮੁਹੱਈਆ ਕਰਵਾਏ ਗਏ ਅਤੇ ਹਜਾਰਾਂ ਪਰਿਵਾਰਾਂ ਦੀ ਰਾਸ਼ਨ ਪੱਖੋਂ ਸਹਾਇਤਾ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸਮਾਜ ਭਲਾਈ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ। ਕੁੱਲ ਮਿਲਾ ਕੇ ਉਹ ਧਰਤੀ ਉਪਰ ਲੋੜਵੰਦਾਂ ਲਈ ਮਸੀਹਾ ਬਣ ਕੇ ਆਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਮੋਗਾ ਦੇ ਕਾਰਜਕਾਰੀ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਅੱਜ ਸੰਸਥਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿੱਚ 160 ਦੇ ਕਰੀਬ ਵਿਧਵਾ ਔਰਤਾਂ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈਕ ਤਕਸੀਮ ਕਰਨ ਮੌਕੇ ਕੀਤਾ। ਇਸ ਮੌਕੇ ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਾਲ ਨੇ ਡਾ ਐਸ ਪੀ ਸਿੰਘ ਉਬਰਾਏ ਜੀ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਗਤੀਵਿਧੀਆਂ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਇਹ ਸਹਾਇਤਾ ਜਿਸ ਮਕਸਦ ਲਈ ਦਿੱਤੀ ਜਾ ਰਹੀ ਹੈ, ਉਸ ਨੂੰ ਪੂਰਾ ਕਰਨ ਲਈ ਖਰਚ ਕੀਤੀ ਜਾਵੇ ਤਾਂ ਹੀ ਉਨ੍ਹਾਂ ਦਾ ਮਿਸ਼ਨ ਕਾਮਯਾਬ ਹੋਵੇਗਾ। ਉਹਨਾਂ ਕਿਹਾ ਉਨ੍ਹਾਂ ਵੱਲੋਂ ਮੋਗਾ ਜਿਲ੍ਹੇ ਵਿੱਚ ਛੇ ਮੁਫਤ ਅੱਖਾਂ ਦੇ ਕੈਂਪ ਲਗਾਏ ਜਾਂਦੇ ਹਨ ਜੋ ਕਰੋਨਾ ਕਾਰਨ ਨਹੀਂ ਲੱਗ ਸਕੇ। ਉਮੀਦ ਹੈ ਕਿ ਜਲਦ ਹੀ ਇਹ ਕੈਂਪ ਸ਼ੁਰੂ ਹੋ ਜਾਣਗੇ। ਇਸ ਮੌਕੇ ਉਕਤ ਤੋਂ ਇਲਾਵਾ ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਸੁਖਦੇਵ ਸਿੰਘ ਬਰਾੜ, ਜਸਵੰਤ ਸਿੰਘ ਪੁਰਾਣੇਵਾਲਾ, ਨਰਜੀਤ ਕੌਰ, ਜਸਵੀਰ ਕੌਰ ਦਫਤਰ ਇੰਚਾਰਜ ਅਤੇ ਵੱਡੀ ਗਿਣਤੀ ਵਿੱਚ ਲਾਭਪਾਤਰੀ ਪਰਿਵਾਰ ਹਾਜਰ ਸਨ।