ਵਿਧਾਇਕ ਡਾ: ਹਰਜੋਤ ਕਮਲ ਨੇ ‘ਪੰਜਾਬ ਨਿਰਮਾਣ’ ਪ੍ਰੌਜੈਕਟ ਅਧੀਨ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਅਧੂਰੇ ਕੰਮਾਂ ਨੂੰ ਜਲਦ ਪੂਰੇ ਕਰਵਾਉਣ ਲਈ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ

 *ਨੈਸ਼ਨਲ ਹਾਈਵੇ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਉਣ ਅਤੇ ਸੁਵਿਧਾ ਸੈਂਟਰ ਵਿਚ ਕਾਊਂਟਰਾਂ ਦੀ ਗਿਣਤੀ ਵਧਾਉਣ ਦੀ ਲੋੜ: ਵਿਧਾਇਕ ਡਾ: ਹਰਜੋਤ ਕਮਲ
ਮੋਗਾ,18 ਅਕਤੂਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮੋਗਾ ਹਲਕੇ ‘ਚ ਹੋ ਰਹੇ ਵਿਕਾਸ ਕਾਰਜਾਂ ਅਤੇ ਲੋਕ ਹਿਤਾਂ ਨਾਲ ਵਾਬਸਤਾ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ। ਇਸ ਮੌਕੇ ਏ ਸੀ ਜੀ ਗੁਰਵੀਰ ਸਿੰਘ ਕੋਹਲੀ ਤੋਂ ਇਲਾਵਾ ਸਾਬਕਾ ਸਰਪੰਚ ਰਾਕੇਸ਼ ਕੁਮਾਰ ਕਿੱਟਾ, ਸੀਰਾ ਚਕਰ  ਅਤੇ ਚੇਅਰਮੈਨ ਦੀਸ਼ਾ ਬਰਾੜ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਸ਼ੁਰੂ ਕੀਤੇ ‘ਪੰਜਾਬ ਨਿਰਮਾਣ’ ਪ੍ਰੌਜੈਕਟ ਅਧੀਨ ਮੋਗਾ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਅਤੇ ਅਧੂਰੇ ਕੰਮਾਂ ਨੂੰ ਜਲਦ ਪੂਰੇ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ। ਉਹਨਾਂ ਆਖਿਆ ਕਿ ਪੰਜਾਬ ਨਿਰਮਾਣ ਪ੍ਰੋਗਰਾਮ ਅਧੀਨ ਪਿੰਡਾਂ ਅਤੇ ਸ਼ਹਿਰਾਂ ਵਿਚ ਪਾਣੀ ਦੀ ਸੁਵਿਧਾ, ਸਰਕਾਰੀ ਸਕੂਲਾਂ ਵਿਚ ਲੋੜ ਅਨੁਸਾਰ ਕਮਰਿਆਂ ਦੀ ਉਸਾਰੀ, ਸਟਰੀਟ ਲਾਈਟਾਂ, ਸ਼ਮਸ਼ਾਨ ਘਰਾਂ ਦਾ ਨਿਰਮਾਣ ਤੋਂ ਇਲਾਵਾ ਧਰਮਸ਼ਾਲਾਵਾਂ ਦਾ ਨਵੀਨੀਕਰਨ, ਖੇਡ ਕਿੱਟਾਂ ਅਤੇ ਓਪਨ ਜਿੰਮ ਲਗਾਉਣ ਆਦਿ ਪ੍ਰੌਜੈਕਟਾਂ ’ਤੇ ਕੰਮ ਹੋ ਰਿਹਾ ਹੈ ਅਤੇ ਜਿਹੜੇ ਪਿੰਡਾਂ ਵਿਚ ਅਜਿਹੇ ਪ੍ਰੌਜੈਕਟ ਸ਼ੁਰੂ ਹੋਣ ਵਾਲੇ ਹਨ ਉਹਨਾਂ ਦੀ ਜਲਦ ਤੋਂ ਜਲਦ ਸ਼ੁਰੂਆਤ ਕਰਵਾਈ ਜਾਵੇ। ਉਹਨਾਂ ਆਖਿਆ ਕਿ ਮੁੱਖ ਮੰਤਰੀ ਵੱਲੋਂ ਜਿਸ ਭਾਵਨਾ ਨਾਲ ਇਹ ਪ੍ਰੌਜੈਕਟ ਸ਼ੁਰੂ ਕੀਤਾ ਗਿਆ ਹੈ ਉਸ ਨੂੰ ਜੇਕਰ ਸਮੇਂ ਸਿਰ ਪੂਰਾ ਕਰ ਲਿਆ ਜਾਂਦਾ ਹੈ ਤਾਂ ਹਲਕੇ ਦੇ ਲੋਕਾਂ ਨੂੰ ਵੱਡੀਆਂ ਬੁਨਿਆਦੀ ਸਹੂਲਤਾਂ ਮਿਲ ਸਕਣਗੀਆਂ। 
ਇਸ ਤੋਂ ਇਲਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ਡਿਪਟੀ ਕਮਿਸ਼ਨਰ ਨੂੰ ਨੈਸ਼ਨਲ ਹਾਈਵੇ ਐੱਨ-95 ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰਵਾਉਣ ਅਤੇ ਕੁਝ ਥਾਵਾਂ ’ਤੇ ਹੋਣ ਵਾਲੀ ਰਿਪੇਅਰ ਨੂੰ ਵੀ ਜਲਦ ਸ਼ੁਰੂ ਕਰਵਾਉਣ ਲਈ ਆਖਿਆ। ਮੀਟਿੰਗ ਦੌਰਾਨ ਡਾ: ਹਰਜੋਤ ਕਮਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ‘ਚ ਲੋਕਾਂ ਦੀ ਸਹੂਲਤ ਲਈ ਚੱਲ ਰਹੇ ਸੁਵਿਧਾ ਕੇਂਦਰਾਂ ‘ਚ ਕਾਊਂਟਰਾਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਦਿਵਿਆਂਗਾਂ ਅਤੇ ਸੀਨੀਅਰ ਸਿਟੀਜ਼ਨਜ਼ ਲਈ ਵੱਖਰੇ ਕਾਊਂਟਰ ਸਥਾਪਿਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਦੋ ਦੋ ਦਿਨ ਸੁਵਿਧਾ ਕੇਂਦਰ ਦੇ ਗੇੜੇ ਨਾ ਮਾਰਨੇ ਪੈਣ। ਉਹਨਾਂ ਆਖਿਆ ਕਿ ਕਾਊਂਟਰਾਂ ਦੀ ਗਿਣਤੀ ਵਧਣ ਨਾਲ ਜਿੱਥੇ ਲੰਬੀਆਂ ਲਾਈਨਾਂ ਦੀ ਸਮੱਸਿਆ ਹੱਲ ਹੋ ਜਾਵੇਗੀ ਉੱਥੇ ਟੋਕਨਾਂ ਦੀ ਗਿਣਤੀ ਵਧਣ ਨਾਲ ਲੋਕ ਖੱਜਲ ਖੁਆਰੀ ਤੋਂ ਵੀ ਬੱਚ ਸਕਣਗੇ।