ਬਿਜਲੀ ਬਿੱਲ ਦੇਣ ਤੋਂ ਅਸਮਰਥ ਪਰਿਵਾਰਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਸੀਹਾ ਬਣਕੇ ਬਹੁੜੇ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 30 ਸਤੰਬਰ (ਜਸ਼ਨ): ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਕੈਬਨਿਟ ਦੀ ਮੀਟਿੰਗ ਦੌਰਾਨ ਲੋਕਾਂ ਦੇ ਪੈਂਡਿੰਗ ਰਹਿੰਦੇ ਬਿਜਲੀ ਬਿੱਲਾਂ ਦੀ ਮੁਆਫ਼ੀ ਦੇ ਕੇ ਪੰਜਾਬ ਦੇ 53 ਲੱਖ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਹਨਾਂ ਦੇ ਸਿਰ ’ਤੇ ਬਿਜਲੀ ਦੇ ਬਿੱਲ ਬਕਾਇਆ ਹੋਣ ਕਰਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋਣਾ ਪੈ ਰਿਹਾ ਸੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਡਾ: ਹਰਜੋਤ ਕਮਲ ਨੇ ਆਖਿਆ ਕਿ ਕੈਬਨਿਟ ਵੱਲੋਂ ਕੀਤੇ ਫੈਸਲੇ ਮੁਤਾਬਕ 2 ਕਿਲੋ ਵਾਟ ਦੀ ਸਮਰੱਥਾ ਵਾਲੇ ਪਰਿਵਾਰਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਨਾਲ ਗਰੀਬ ਵਰਗ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਇਸ ਵਰਗ ਵਿਚ ਛੋਟੇ ਕਿਸਾਨ ਅਤੇ ਮਜ਼ਦੂਰ ਵਰਗ ਦੇ ਪਰਿਵਾਰ ਸ਼ਾਮਲ ਹਨ ਜਿਹਨਾਂ ’ਤੇ ਕਰੋਨਾ ਕਾਲ ਦੌਰਾਨ ਦੇਸ਼ ਵਿਚ ਆਈ ਮੰਦੀ ਆਰਥਿਕਤਾ ਦੀ ਲਹਿਰ ਨੇ ਕੁਪ੍ਰਭਾਵ ਪਾਇਆ ਅਤੇ ਅਜਿਹੇ ਪਰਿਵਾਰ ਰੋਟੀ ਰੋਜ਼ੀ ਤੋਂ ਵੀ ਮੁਹਤਾਜ ਹੋ ਗਏ ਪਰ ਪਾਵਰ ਕਾਰਪੋਰੇਸ਼ਨ ਵੱਲੋਂ ਰੁਟੀਨ ਵਿਚ ਭੇਜੇ ਬਿਜਲੀ ਦੇ ਬਿੱਲ ਦੇਣ ਤੋਂ ਅਸਮਰਥ ਅਜਿਹੇ ਪਰਿਵਾਰਾਂ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮਸੀਹਾ ਬਣ ਕੇ ਬਹੁੜੇ ਹਨ , ਜਿਹਨਾਂ ਨੇ ਕੈਬਨਿਟ ਮੀਟਿੰਗ ਦੌਰਾਨ ਗਰੀਬਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ ਵੱਡਾ ਇਤਿਾਸਕ ਫੈਸਲਾ ਲਿਆ ਹੈ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਇਸ ਫੈਸਲੇ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਕਾਂਗਰਸ ਦੀ ਸਰਕਾਰ ਆਪਣੇ ਚੋਣ ਮੈਨੀਫੈਸਟੋ ਮੁਤਾਬਕ ਹਰ ਵਾਅਦੇ ਨੂੰ ਇਕ ਇਕ ਕਰਕੇ ਪੂਰਾ ਕਰ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸਾਨਾਂ , ਮਜ਼ਦੂਰਾਂ ਅਤੇ ਬੇਜ਼ਮੀਨੇ ਵਿਅਕਤੀਆਂ ਦੇ ਕਰਜ਼ੇ ਮੁਆਫ ਕਰਕੇ ਪੰਜਾਬ ਸਰਕਾਰ ਨੇ ਆਪਣੇ ਬੋਲ ਪੁਗਾਏ ਸਨ।