ਸਮਾਜ ਸੇਵਾ ਸੁਸਾਇਟੀ ਮੋਗਾ ਨੇ ਭਗਤ ਸਿੰਘ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ,ਰੂਰਲ ਐਨ ਜੀ ਓ ਮੋਗਾ ਅਤੇ ਸਰਬੱਤ ਦਾ ਭਲਾ ਨੇ ਇਨਕਲਾਬੀ ਗੀਤ ਗਾ ਕੇ ਮਨਾਇਆ ਜਨਮ ਦਿਨ
ਮੋਗਾ 28 ਸਤੰਬਰ (ਜਸ਼ਨ): ਸ਼ਹੀਦ ਭਗਤ ਸਿੰਘ ਜੀ ਦੇ 115ਵੇਂ ਜਨਮ ਦਿਨ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਆਪੋ ਆਪਣੇ ਤਰੀਕੇ ਨਾਲ ਮਨਾਇਆ ਤੇ ਸ਼ਹੀਦ ਦੇ ਜਨਮ ਦਿਨ ਦੀਆਂ ਖੁਸ਼ੀਆਂ ਇੱਕ ਦੂਸਰੇ ਨਾਲ ਸਾਂਝੀਆਂ ਕੀਤੀਆਂ। ਸਮਾਜ ਸੇਵਾ ਸੁਸਾਇਟੀ ਮੋਗਾ ਵੱਲੋਂ ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 41 ਨੌਜਵਾਨਾਂ ਨੇ ਪੂਰੇ ਉਤਸ਼ਾਹ ਨਾਲ ਖੂਨਦਾਨ ਕੀਤਾ। ਇੱਕ ਦਿਨ ਪਹਿਲਾਂ ਹੀ ਰੱਖੇ ਗਏ ਇਸ ਖੂਨਦਾਨ ਕੈਂਪ ਵਿੱਚ 33 ਨੌਜਵਾਨਾਂ ਨੇ ਖੂਨਦਾਨ ਕਰਕੇ ਸ਼ਹੀਦ ਭਗਤ ਸਿੰਘ ਜਨਮ ਦਿਨ ਮੌਕੇ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਹਰ ਕੁਰਬਾਨੀ ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸੰਨਿਆਸੀ, ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਗੁਰਨਾਮ ਸਿੰਘ ਗਾਮਾ, ਡਾ ਰਵੀਨੰਦਨ ਸ਼ਰਮਾ, ਬਲਜੀਤ ਸਿੰਘ ਚਾਨੀ, ਸ਼ਹਿਰੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਬਲਜਿੰਦਰ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ ਸੋਢੀ, ਜੋਤ ਸਮਾਜ ਸੇਵਾ ਸੁਸਾਇਟੀ ਆਦਿ ਨੇ ਖੂਨਦਾਨੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਬੈਜ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਇਨਕਲਾਬ ਜਿੰਦਾਬਾਦ ਅਤੇ ਭਗਤ ਸਿੰਘ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ ' ਨਾਅਰੇ ਲਗਾ ਕੇ ਮਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਬਲੱਡ ਬੈਂਕ ਟੀਮ ਵੱਲੋਂ ਇੰਚਾਰਜ ਡਾ ਸੁਮੀ ਗੁਪਤਾ, ਸਟੀਫਧ ਸਿੱਧੂ, ਗੁਲਾਬ ਸਿੰਘ, ਜੋਬਨਵੰਤ ਸਿੰਘ, ਹਰਕੰਵਲ ਸਿੰਘ, ਲਵਦੀਪ ਸਿੰਘ ਅਤੇ ਮੈਡਮ ਨਰਿੰਦਰ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੂਨਦਾਨੀ ਹਾਜਰ ਸਨ।