ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ 'ਤੇ ਹੋਏ ਅੱਤਿਆਚਾਰਾਂ ਖ਼ਿਲਾਫ਼ ਕੀਤਾ ਭਾਜਪਾ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ
ਮੋਗਾ , 31 ਅਗਸਤ (ਜਸ਼ਨ): ਕਰਨਾਲ ਵਿੱਚ ਸ਼ਾਂਤਮਈ ਧਰਨਾਕਾਰੀ ਕਿਸਾਨਾਂ 'ਤੇ ਪੁਲੀਸ ਵੱਲੋਂ ਕੀਤੇ ਅੱਤਿਆਚਾਰਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ (ਆਪ) ਜਿਲ੍ਹਾ ਮੋਗਾ ਵੱਲੋਂ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ 'ਆਪ' ਦੇ ਜਿਲ੍ਹਾ ਪ੍ਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ ਨੇ ਕਿਹਾ, 'ਹਰਿਆਣਾ ਦੇ ਕਰਨਾਲ 'ਚ ਕਿਸਾਨਾਂ 'ਤੇ ਪੁਲੀਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜ਼ਿੰਮੇਵਾਰ ਹਨ, ਕਿਉਂਕਿ ਨਰਿੰਦਰ ਮੋਦੀ ਅਤੇ ਖੱਟਰ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਕਿਸਾਨਾਂ ਦੀ ਆਵਾਜ਼ ਨੂੰ ਤਾਲਿਬਾਨ ਤਸ਼ੱਦਦ ਨਾਲ ਦਬਾਉਣਾ ਚਾਹੁੰਦੀ ਹੈ।'
ਅਮ੍ਰਿਤਪਾਲ ਸਿੰਘ ਸਿੱਧੂ ਹਲਕਾ ਇੰਚਾਰਜ ਬਾਘਾਪੁਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੁਕਮਾਂ 'ਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਕਾਰਨ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਅਤੇ 10 ਤੋਂ ਜ਼ਿਆਦਾ ਕਿਸਾਨ ਗੰਭੀਰ ਜ਼ਖ਼ਮੀ ਹੋਏ ਹਨ। ਸ਼ਹੀਦ ਹੋਏ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕਾ ਇੰਚਾਰਜ ਧਰਮਕੋਟ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ-ਮਜ਼ਦੂਰਾਂ ਦਾ ਬਲੀਦਾਨ ਅਜਾਈਂ ਨਹੀਂ ਜਾਵੇਗਾ। ਇਨ੍ਹਾਂ ਸਮੂਹ ਸ਼ਹੀਦਾਂ ਦਾ ਨਾਂਅ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਵੇਗਾ।
ਨਰਿੰਦਰ ਮੋਦੀ ਅਤੇ ਖੱਟਰ ਸਰਕਾਰ ਦੀ ਅਲੋਚਨਾ ਕਰਦਿਆਂ ਨਵਦੀਪ ਸੰਘਾ ਹਲਕਾ ਇੰਚਾਰਜ ਮੋਗਾ ਨੇ ਕਿਹਾ, ''ਭਾਰਤ ਲੋਕਤੰਤਰ ਦੇਸ਼ ਹੈ, ਜੋ ਕਿ ਸੰਵਿਧਾਨ ਅਨੁਸਾਰ ਚੱਲਦਾ ਹੈ। ਦੇਸ਼ ਦੇ ਕਿਸਾਨ ਆਪਣੀਆਂ ਹੱਕੀਂ ਮੰਗਾਂ ਲਈ ਭਾਰਤੀ ਸੰਵਿਧਾਨ ਰਾਹੀਂ ਮਿਲੇ ਰੋਸ ਪ੍ਰਦਰਸ਼ਨ ਦੇ ਹੱਕ ਦੀ ਵਰਤੋਂ ਕਰਕੇ ਸੰਘਰਸ਼ ਕਰ ਰਹੇ ਹਨ, ਪਰ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਕਿਸਾਨਾਂ ਦੇ ਸੰਵਿਧਾਨਕ ਹੱਕਾਂ 'ਤੇ ਵੀ ਡਾਕੇ ਮਾਰ ਰਹੀਆਂ ਹਨ। ਭਾਜਪਾ ਸਰਕਾਰਾਂ ਨਾਗਰਿਕਾਂ ਤੋਂ ਸੰਵਿਧਾਨ ਹੱਕ ਖੋਹ ਕੇ ਲੋਕਤੰਤਰ ਦੀ ਹੱਤਿਆ ਕਰ ਰਹੀਆਂ ਹਨ।''
ਜਸਟਿਡ ਜੋਰਾ ਸਿੰਘ ਪ੍ਰਧਾਨ ਲੀਗਲ਼ ਸੈਲ (ਮੋਗਾ) ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਹੋਂਦ ਤੋਂ ਹੀ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨਾਲ ਖੜੀ ਹੈ। ਇਸ ਲਈ 'ਆਪ' ਵੱਲੋਂ ਪੰਜਾਬ ਭਰ 'ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਅੱਗੇ ਨਰਿੰਦਰ ਮੋਦੀ ਅਤੇ ਮਨੋਹਰ ਲਾਲ ਖੱਟਰ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਨੇ ਭਾਰਤੀ ਸਰਕਾਰ ਨੂੰ ਚਣੋਤੀ ਦਿੰਦਿਆਂ ਕਿਹਾ ਕਿ ਕਰਨਾਲ ਵਿੱਚ ਕਿਸਾਨਾਂ 'ਤੇ ਲਾਠੀਚਾਰਜ ਕਰਨ ਦੇ ਹੁਕਮ ਦੇਣ ਵਾਲੇ ਐਸ.ਡੀ.ਐਮ ਅਤੇ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਤਾਂ ਕਿ ਭਵਿੱਖ ਵਿੱਚ ਕੋਈ ਵੀ ਅਧਿਕਾਰੀ- ਕਰਮਚਾਰੀ ਆਪਣੇ ਸਿਆਸੀ ਆਕਾ ਨੂੰ ਖ਼ੁਸ਼ ਕਰਨ ਲਈ ਆਮ ਨਾਗਰਿਕਾਂ 'ਤੇ ਜ਼ੁਲਮ ਢਾਹੁਣ ਤੋਂ ਪਹਿਲਾਂ ਦਸ ਬਾਰ ਸੋਚੇ। 'ਆਪ' ਆਗੂਆਂ ਨੇ ਮੰਗ ਕੀਤੀ ਕਿ ਇਸ ਅੱਤਿਆਚਾਰ ਲਈ ਸਮੁੱਚੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਰਕਾਰ ਸਮੇਤ ਭਾਜਪਾ ਅੰਨਦਾਤਾ ਕੋਲੋਂ ਜਨਤਕ ਤੌਰ 'ਤੇ ਮੁਆਫ਼ੀ ਮੰਗੇ।
ਇਸ ਮੌਕੇ ਅਮਨ ਰਖਰਾ, ਦੀਪਕ ਸਮਾਲਸਰ, ਤੇਜਿੰਦਰ ਬਰਾੜ, ਅਵਤਾਰ ਬੰਟੀ,ਹਰਮੇਲ ਸਿੰਘ, ਪਿਆਰਾ ਸਿੰਘ, ਸੰਜੀਵ ਕੋਛੜ,ਜਸਵਿੰਦਰ ਸਿੱਧੂ, ਵਰਿੰਦਰ ਰਤੀਆਂ, ਨਸੀਬ ਬਾਵਾ,ਸੁਖਦੀਪ ਧਾਮੀ,ਮਨਪ੍ਰੀਤ ਰਿੰਕੂ, ਡਾ. ਅਮਨ ਅਰੋੜਾ,ਰਮਨ ਮਿੱਤਲ, ਜਗਵੰਤ ਬੈੰਸ, ਸੰਦੀਪ ਧਾਲੀਵਾਲ,ਸੁਖਦਰਸ਼ਨ ਸਿੰਘ,ਪਰਮਜੀਤ ਬੁੱਟਰ, ਦੀਪ ਦਾਰਪੁਰ, ਸ਼ੈਰੀ ਗਿੱਲ, ਕਮਲਜੀਤ ਕੌਰ ਆਦਿ ਆਗੂ ਮੋਜੂਦ ਸਨ।