ਯੂਥ ਕਾਂਗਰਸ ਦਾ ਸ਼ਹਿਰੀ ਪ੍ਰਧਾਨ ਮਣੀ ਛਾਬੜਾ ਆਪਣੇ ਸਾਥੀਆਂ ਸਮੇਤ ਆਪ 'ਚ ਸ਼ਾਮਲ
******* ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪਾਰਟੀ 'ਚ ਸ਼ਾਮਲ ਕਰਦਿਆਂ ਦਿੱਤਾ ਪੂਰੇ ਮਾਣ ਸਨਮਾਨ ਦਾ ਭਰੋਸਾ****
ਕੋਟ ਈਸੇ ਖਾਂ, 20 ਜੂਨ (ਹਰਜੀਤ ਸਿੰਘ ਛਾਬੜਾ) ਸਥਾਨਕ ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਪ ਦੇ ਸੀਨੀਅਰ ਆਗੂ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਪ੍ਰੇਰਨਾ ਸਦਕਾ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਮਣੀ ਛਾਬੜਾ ਆਪਣੇ ਸਾਥੀਆਂ ਸਮੇਤ ਆਪ 'ਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਹੋਣ 'ਤੇ ਦਵਿੰਦਰਜੀਤ ਸਿੰਘ ਲਾਡੀ ਢੋਸ, ਜ਼ਿਲ੍ਹਾ ਪ੍ਰਧਾਨ ਹਰਮਨਬੀਰ ਸਿੰਘ ਬਰਾੜ ਤੇ ਸੂਬਾ ਜੁਆਇੰਟ ਸੈਕਟਰੀ ਸੰਜੀਵ ਕੋਛੜ ਹੁਰਾਂ ਸਨਮਾਨਤ ਕਰਦਿਆਂ ਜੀ ਆਇਆਂ ਕਿਹਾ। ਜ਼ਿਕਰਯੋਗ ਹੈ ਕਿ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਸਰਗਰਮੀ ਨਾਲ ਹਲਕੇ ਵਿਚ ਬੈਠਕਾਂ ਦਾ ਦੌਰ ਸ਼ੁਰੂ ਕੀਤਾ ਹੋਇਆ ਹੈ, ਜਿਸ ਸਦਕਾ ਆਏ ਦਿਨ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮੌਕੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਤੋਂ ਅੱਕੇ ਸੂਬੇ ਦੇ ਲੋਕ ਘੁਟਨ ਮਹਿਸੂਸ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਕਾਫਲਿਆਂ ਦੇ ਰੂਪ 'ਚ ਹਲਕਾ ਧਰਮਕੋਟ ਦੇ ਲੋਕ ਆਪ ਨਾਲ ਜੁੜਨਗੇ। ਉਨ੍ਹਾਂ ਆਖਿਆ ਕਿ ਉਹ ਆਪ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਲੋਕਪੱਖੀ ਨੀਤੀਆਂ ਦਾ ਸੁਨੇਹਾ ਘਰ- ਘਰ ਪਹੁੰਚਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਹੁਣ ਉਹ ਦਿਨ ਬਹੁਤੀ ਦੂਰ ਨਹੀਂ ਜਦੋਂ ਸੂਬੇ ਦੇ ਇਨਸਾਫ ਪਸੰਦ ਲੋਕ ਪੰਜਾਬ ਦੀ ਵਾਗਡੋਰ ਆਪ ਦੇ ਹੱਥਾਂ 'ਚ ਦੇ ਕੇ ਅਕਾਲੀ, ਕਾਂਗਰਸੀ ਤੇ ਹੋਰਨਾਂ ਪਾਰਟੀਆਂ ਨੂੰ ਪੰਜਾਬ ਦੇ ਸਿਆਸੀ ਮੈਦਾਨ ਤੋਂ ਬਾਹਰ ਕਰ ਦੇਣਗੇ। ਪਾਰਟੀ 'ਚ ਸ਼ਮੂਲੀਅਤ ਉਪਰੰਤ ਮਣੀ ਛਾਬੜਾ ਤੇ ਸਾਥੀਆਂ, ਯੂਥ ਆਗੂ ਪਰਵਿੰਦਰ ਗਰਗ, ਉਪ ਪ੍ਰਧਾਨ ਗੁਰਪ੍ਰੀਤ ਗੋਗੀ ਤੇ ਬਲਜੀਤ ਸਿੰਘ ਸੱਗੂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਨੌਜਵਾਨ ਵਰਗ ਵੱਲੋਂ ਕੀਤੀ ਗਈ ਅਥਾਹ ਮਿਹਨਤ ਸਦਕਾ ਕਾਂਗਰਸ ਪਾਰਟੀ ਨੇ ਸ਼ਹਿਰ 'ਚੋਂ ਵੱਡੀ ਲੀਡ ਪ੍ਰਾਪਤ ਕੀਤੀ ਸੀ। ਪਰ ਕਾਂਗਰਸ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਕੇ ਠੱਗਣ ਦੇ ਨਾਲ- ਨਾਲ ਆਪਣੇ ਮਿਹਨਤੀ ਵਰਕਰਾਂ ਦਾ ਮੁੱਲ ਵੀ ਨਹੀਂ ਤਾਰਿਆ ਤੇ ਹੁਣ ਉਹ ਆਪਣੇ ਲੀਡਰ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਪੂਰਨ ਵਿਸ਼ਵਾਸ ਦਿਵਾਉਂਦੇ ਹਨ ਕਿ ਆਉਂਦੇ ਦਿਨਾਂ 'ਚ ਪਾਰਟੀ ਦੀ ਮਜ਼ਬੂਤੀ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਿੰਦ ਧਾਲੀਵਾਲ, ਕਮਲਜੀਤ ਸਿੰਘ ਕੇਬਲ ਵਾਲੇ , ਰਘੂ ਸ਼ਰਮਾ, ਹੈਰੀ ਖੋਸਾ, ਸੁਰਿੰਦਰ ਸਮਾਈਲ, ਦਲੇਰ ਸਿੰਘ ਹਰਿਆਣੇ ਵਾਲੇ, ਦਰਸ਼ਨ ਸਿੰਘ ਨਾਗੀ, ਰੇਸ਼ਮ ਸਿੰਘ ਛਾਬੜਾ, ਸੰਦੀਪ ਅਰੋੜਾ, ਮਾਨਵ ਛਾਬੜਾ, ਸੋਨੂੰ ਟਰਾਂਸਪੋਰਟਰ, ਰੋਹਿਤ ਅਰੋਡ਼ਾ ਕਾਲਾ, ਵਿੱਕੀ ਅਰੋੜਾ, ਬਲਵੀਰ ਸਿੰਘ ਪਾਂਧੀ, ਪਵਨ ਰੇਲੀਆ, ਿਛੰਦਾਂ ਰਫੀ, ਸਤਨਾਮ ਸਿੰਘ, ਸੰਦੀਪ ਅਰੋੜਾ, ਹਰਵਿੰਦਰ ਸਿੰਘ ਪਿੰਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ ।