ਵਿਧਾਨ ਸਭਾ ਦੇ ਘਿਰਾਓ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵਿਚ ਭਾਰੀ ਉਤਸ਼ਾਹ: ਚੇਅਰਮੈਨ ਅਮਰਜੀਤ ਸਿੰਘ ਲੰਢੇਕੇ

ਮੋਗਾ, 28 ਫਰਵਰੀ (ਜਸ਼ਨ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੀ ਕਾਂਗਰਸ ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੀ ਤਰਾਂ ਵਿਸਾਰ ਛੱਡੇ ਹਨ ਜਿਸ ਕਰਕੇ ਸੂਬੇ ਦੇ ਲੋਕਾਂ ਦੇ ਮਨਾਂ ਅੰਦਰ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਰਕੇ ਲੋਕ ਆਪ ਮੁਹਾਰੇ  1 ਮਾਰਚ ਦੇ ਵਿਧਾਨਸਭਾ ਘਿਰਾਓ ਲਈ ਚੰਡੀਗੜ੍ਹ ਪਹੁੰਚਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਘਰ-ਘਰ ਨੌਕਰੀ, ਕਰਜਾ ਮੁਆਫੀ, ਨੌਜਵਾਨਾਂ ਨੂੰ ਰੁਜਗਾਰ, ਪੈਨਸਨ ਅਤੇ ਸ਼ਗਨ ਸਕੀਮਾਂ ‘ਚ ਵਾਅਦਿਆਂ ਤੋਂ ਇਲਾਵਾ ਕੈਪਟਨ ਸਾਬ੍ਹ ਨੇ 4 ਹਫਤਿਆਂ ‘ਚ ਨਸ਼ਾ ਖਤਮ ਕਰਨ ਦੀ ਝੂਠੀ ਸਹੁੰ ਖਾਧੀ ਅਤੇ ਆਪਣੇ ਵਾਅਦਿਆਂ ਤੋਂ ਭਗੌੜੀ ਹੋਈ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਵੱਡਾ ਧੋਖਾ ਦਿੱਤਾ ਹੈ।  
ਉਹਨਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਦਾ ਅਖੀਰਲਾ ਬਜਟ ਸੈਸ਼ਨ ਹੈ ਪਰ ਆਪਣੇ ਚੋਣ ਮੈਨੀਫੈਸਟੋ ਤੋਂ ਮੁੱਕਰੀ ਕਾਂਗਰਸ ਦੇ ਝੂਠ ਤੋਂ ਪਰਦਾ ਚੁੱਕਣ ਲਈ 1 ਮਾਰਚ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਦਲ ਵਲੋਂ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਲੋਕ ਹਿਤਾਂ ਵਿਚ ਕਾਂਗਰਸ ਸਰਕਾਰ ਨੂੰ ਜਗਾਉਣ ਲਈ 1 ਮਾਰਚ ਨੂੰ ਮੋਗਾ ਹਲਕੇ ਦੇ ਪਾਰਟੀ ਵਰਕਰ ਸਵੇਰੇ 7.30 ਵਜੇ ਬੁੱਘੀਪੁਰਾ ਚੌਕ ‘ਚ ਇਕੱਤਰ ਹੋ ਕੇ ਚੰਡੀਗੜ੍ਹ ਵੱਲ ਨੂੰ ਰਵਾਨਾ ਹੋਣਗੇ । ਉਹਨਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਿਵੇਂ ਕਿਸਾਨ ਸੰਘਰਸ਼ ਲਈ ਸਮਰਪਿਤ ਹੋ ਕੇ ਯੋਗਦਾਨ ਪਾ ਰਹੇ ਹਨ ਉਸੇ ਤਰਾਂ ਵਿਧਾਨ ਸਭਾ ਦੇ ਘਿਰਾਓ ਲਈ ਵੀ ਵਹੀਰਾਂ ਘੱਤ ਕੇ ਪਹੁੰਚਣ।