ਜਾਖੜ ਦੇ ਆਪਸੀ ਕਾਟੋ-ਕਲੇਸ਼ ਦੇ ਬਿਆਨ ਨੇ ਸਿੱਧ ਕੀਤਾ ਕਿ ਕਿਸਾਨੀਂ ਮੁੱਦੇ 'ਤੇ ਗੰਭੀਰ ਨਹੀਂ ਕਾਂਗਰਸ,ਆਪਣੀ ਹੋਂਦ ਬਚਾਉਣ ਲਈ ਕਾਂਗਰਸ ਦੀ ਇਕ ਧਿਰ ਕਰ ਰਹੀ ਹੈ ਡਰਾਮੇਬਾਜ਼ੀ-ਅਮਨ ਅਰੋੜਾ
ਚੰਡੀਗੜ੍ਹ, 26 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਗਏ ਬਿਆਨ ਕਿ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਕਾਂਗਰਸ ਦੀ ਕੇਂਦਰੀ ਕਮੇਟੀ ਗੰਭੀਰ ਨਹੀਂ ਉੱਤੇ ਟਿੱਪਣੀ ਕਰਦਿਆਂ ਕਿ ਕਿਹਾ ਕਿ ਇਹ ਸਿੱਧ ਹੋ ਗਿਆ ਹੈ ਕਿ ਕਾਂਗਰਸ ਕਿਸਾਨਾਂ ਮੁੱਦੇ ਉਤੇ ਗੰਭੀਰ ਨਹੀਂ ਹੈ ਬਲਕਿ ਆਪਣੀ ਵੱਖਰੀ ਡਫਲੀ ਵਜਾ ਕੇ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਹੀ ਕਰ ਰਹੀ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲਾਂ ਤੋਂ ਹੀ ਚਰਚਾ ਚੱਲ ਰਹੀ ਸੀ ਕਿ ਕਾਲੇ ਕਾਨੂੰਨ ਬਣਾਉਣ ਲਈ ਕਾਂਗਰਸ ਵੀ ਉਨੀ ਹੀ ਜ਼ਿੰਮੇਵਾਰ ਹੈ ਨੇ ਭਾਜਪਾ ਅਤੇ ਅਕਾਲੀ ਦਲ ਅਤੇ ਕਾਂਗਰਸ ਸਿਰਫ ਆਪਣੀ ਹੋਂਦ ਨੂੰ ਬਚਾਉਣ ਲਈ ਹੀ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਬੀਤੇ ਕੱਲ੍ਹ ਦਿੱਤੇ ਗਏ ਬਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਕਿਸਾਨਾਂ ਦੇ ਮੁੱਦੇ ਉੱਤੇ ਮਿਲੀਆਂ ਹੋਈਆਂ ਹਨ ਤੇ ਕਿਸਾਨ ਵਿਰੋਧੀ ਹਨ। ਇਹ ਹੁਣ ਕਾਂਗਰਸ ਦੇ ਕਾਟੋ-ਕਲੇਸ਼ ਨੇ ਵੀ ਇਸ ਨੂੰ ਸਿੱਧ ਕਰ ਦਿੱਤਾ ਹੈ।ਅਰੋੜਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ ਅਤੇ ਉਹ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤ ਰਹੀ ਹੈ। ਹੁਣ ਵੀ ਕੈਪਟਨ ਦੇ ਕਹਿਣ ਉੱਤੇ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਜੰਤਰ ਮੰਤਰ ਤੇ ਧਰਨੇ ਦਾ ਡਰਾਮਾ ਕੀਤਾ ਜਾ ਰਿਹਾ ਹੈ ਉਸਦਾ ਸਿਰਫ ਇਕ ਮਕਸਦ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਕਿਸੇ ਨਾ ਕਿਸੇ ਢੰਗ ਨਾਲ ਕਮਜ਼ੋਰ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕੈਪਟਨ ਨੇ ਪਹਿਲਾਂ ਰਾਹੁਲ ਗਾਂਧੀ ਦਾ ਪੰਜਾਬ 'ਚ ਟਰੈਕਟਰ ਸ਼ੋਅ ਦਾ ਡਰਾਮਾ ਕਰਵਾਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਿਆ ਪ੍ਰੰਤੂ ਜਦੋਂ ਕਿਸਾਨਾਂ ਦਾ ਅੰਦੋਲਨ ਅੱਜ ਆਰ-ਪਾਰ ਦੀ ਲੜਾਈ ਉੱਤੇ ਪਹੁੰਚਿਆ ਹੈ ਤਾਂ ਕਮਜ਼ੋਰ ਕਰਨ ਵਾਸਤੇ ਬਰਾਬਰ ਪ੍ਰੋਗਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਸੰਭੂ ਬਾਰਡਰ ਉਤੇ ਰੈਲੀ ਕਰਨ ਦਾ ਐਲਾਨ ਉਸੇ ਦਿਨ ਕਰਦੇ ਹਨ ਜਦੋਂ ਕਿਸਾਨ ਦੇਸ਼ ਭਰ ਵਿਚ ਪ੍ਰਦਰਸ਼ਨ ਕਰਨ ਦਾ ਐਲਾਨ ਕਰਦੇ ਹਨ। ਦਿੱਲੀ ਦੀਆਂ ਸਰਹੱਦਾਂ ਉੱਤੇ ਦਿਨ-ਰਾਤ ਕੜਾਕੇ ਦੀ ਠੰਢ 'ਚ ਡਟੇ ਹੋਏ ਲੱਖਾਂ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਦਿੱਲੀ ਦੇ ਜੰਤਰ-ਮੰਤਰ 'ਚ ਆਪਣੇ ਸੰਸਦ ਮੈਂਬਰਾਂ ਦਾ ਧਰਨਾ ਲਵਾ ਦਿੰਦੇ ਹਨ ਜਿਸ ਤੋਂ ਖੁਦ ਕਾਂਗਰਸ ਦੀ ਕੇਂਦਰੀ ਕਮੇਟੀ ਵੀ ਖੁਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਵੀ ਸਿੱਧ ਹੋ ਗਿਆ ਹੈ ਕਿ ਕਾਂਗਰਸ ਲਈ ਕਿਸਾਨਾ ਦਾ ਮਸਲਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸੱਚਮੁੱਚ ਥੋੜ੍ਹੀ ਬਹੁਤੀ ਵੀ ਕਿਸਾਨ ਪੱਖੀ ਹੁੰਦੀ ਤਾਂ ਕੱਲ੍ਹ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਸਾਨਾਂ ਦੇ ਹੱਕ 'ਚ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਉਦੋਂ ਕਾਂਗਰਸੀ ਆਗੂ ਮੌੰਨ ਨਾ ਧਾਰਦੇ ਸਗੋ ਕਿਸਾਨਾਂ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਮੂਹਰੇ ਚੁੱਕਦੇ।ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਕਿਹਾ ਕਿ ਜਿੱਥੇ ਕੇਂਦਰ ਦੀ ਤਾਨਾਸ਼ਾਹ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਚੌਕਸ ਰਹਿੰਦੇ ਹੋਏ ਲੜਨਾ ਹੈ ਉਥੇ ਭਾਜਪਾ ਦੀ 'ਬੀ' ਟੀਮ ਬਣਕੇ ਕੰਮ ਕਰ ਰਹੀਆਂ ਕਾਂਗਰਸ ਵਰਗੀਆਂ ਪਾਰਟੀਆਂ ਤੋਂ ਵੀ ਚੌਕਸ ਰਹਿਣ, ਜਿਨ੍ਹਾਂ ਦਾ ਇੱਕੋ ਇੱਕ ਕੰਮ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨਾ ਹੈ।