ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਨੇ ਪੰਜਾਬੀਆਂ ਨੂੰ ਦਿੱਤੀਆਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ

ਮੋਗਾ,14 ਨਵੰਬਰ(ਜਸ਼ਨ)-‘ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਇਸ ਕਰਕੇ ਸਾਨੂੰ ਸਭ ਨੂੰ ਰਲ ਮਿਲ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ, ਜਿਸ ਸਦਕਾ ਅਨੇਕਤਾ ਵਿਚ ਏਕਤਾ ਵਾਲੇ ਫਲਸਫ਼ੇ ਤਹਿਤ ਸਾਡਾ ਦੇਸ਼ ਹੋਰ ਬੁਲੰਦੀਆਂ ਵੱਲ ਅਗਰਸਰ ਹੋਵੇ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ।  ਉਹਨਾਂ ਕਿਹਾ ਕਿ ਪਟਾਕਿਆਂ ਤੋਂ ਗੁਰੇਜ਼ ਕਰਦਿਆਂ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਅ ਲਈ ਸਾਨੂੰ ਯਤਨ ਕਰਨੇ ਚਾਹੀਦੇ ਨੇ ਅਤੇ ਜਦੋਂ ਆਮ ਲੋਕ ਮਿੱਟੀ ਦੇ ਦੀਵੇ ਖਰੀਦਣਗੇ ਤਾਂ ਬੇਹੱਦ ਗਰੀਬ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਉਹ ਵੀ ਦੀਵਾਲੀ ਖੁਸ਼ੀਆਂ ਨਾਲ ਮਨਾ ਸਕਣਗੇ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰੂਹੇ ਰਵਾਂਅ ਦਿਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਅਤੇ ਐੱਮ ਪੀ ਭਗਵੰਤ ਮਾਨ ਵੱਲੋਂ ਲੋਕ ਹਿਤਾਂ ਵਿਚ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਕਿਉਂਕਿ ਪਾਰਟੀ ਦਾ ਮੰਤਵ ਹੀ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਹੈ।