ਏ ਡੀ ਸੀ ਅਤੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਲਈ ਕੀਤੀ ਭਾਵੁਕ ਅਪੀਲ
ਮੋਗਾ, 14 ਨਵੰਬਰ (ਜਸ਼ਨ): ‘‘ਬੇਸ਼ੱਕ ਮਾਣਯੋਗ ਸੁਪਰੀਮ ਕੋਰਟ ਨੇ ਸਮੁੱਚੇ ਦੇਸ਼ ਵਿਚ ਪਟਾਕੇ ਚਲਾਉਣ ’ਤੇ ਅੰਸ਼ਕ ਪਾਬੰਧੀ ਲਗਾਉਂਦਿਆਂ ਸਿਰਫ਼ ਦੋ ਘੰਟੇ ਲਈ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਹੈ ਪਰ ਆਜ਼ਾਦੀ ਦੇ 70 ਸਾਲ ਬਾਅਦ ਵੀ ਬਹੁਤੇ ਦੇਸ਼ਵਾਸੀਆਂ ਕੋਲ ਆਪਣੀ ਹੋਂਦ ਨੂੰ ਬਚਾਉਣ ਲਈ ਸੋਚਣ ਵਾਸਤੇ ਇਕ ਪਲ ਵੀ ਨਹੀਂ ਇਸੇ ਕਰਕੇ ਜਦੋਂ ਪੰਜਾਬ ਨੂੰ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਨੇ ਘੇਰ ਰੱਖਿਆ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਸਮਰਪਿਤ ਹੋ ਕੇ ਕੰਮ ਕਰੀਏ ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਏ ਡੀ ਸੀ ਅਤੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਮੋਗਾ ਵਾਸੀਆਂ ਨੂੰ ਦੀਵਾਲੀ ਮੌਕੇ ਪਟਾਕੇ ਨਾ ਚਲਾਉਣ ਲਈ ਭਾਵੁਕ ਅਪੀਲ ਕਰਦਿਆਂ ਕੀਤਾ। ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ“ ਸ਼ਬਦ ਨਾਲ ਵਾਤਾਵਰਣ ਸਬੰਧੀ ਇਲਾਹੀ ਹੁਕਮ ਨੂੰ ਮੰਨਦਿਆਂ ਸਾਨੂੰ ਦੀਵਿਆਂ ਦੀ ਰੌਸ਼ਨੀ ਨਾਲ ਘਰਾਂ ਨੂੰ ਸਜਾਉਣ ਅਤੇ ਖੁਸ਼ੀਆਂ ਸਾਂਝੀਆਂ ਕਰਨ ਤੱਕ ਸੀਮਤ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਕਿਸਮ ਦੇ ਪਟਾਕੇ ਚਲਾਉਣ ਤੋਂ ਗੁਰੇਜ਼ ਕਰਦਿਆਂ ਹੋਰਨਾਂ ਨੂੰ ਵੀ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।