ਕੈਪਟਨ ਦੀ ਨਾਲਾਇਕੀ ਕਾਰਨ ਸਾਰੇ ਵਰਗਾਂ ਦੇ ਹਿਤ ਦਾਅ 'ਤੇ ਲੱਗੇ- ਕੁਲਤਾਰ ਸਿੰਘ ਸੰਧਵਾਂ

*ਮੰਡੀ ਮਾਫ਼ੀਆ ਹੱਥੋਂ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਯਕੀਨੀ ਬਣਾਉਣ ਮੁੱਖ ਮੰਤਰੀ- 'ਆਪ'

ਚੰਡੀਗੜ੍ਹ, 28 ਅਕਤੂਬਰ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਾਸਮਤੀ ਸ਼ੈਲਰ ਮਾਲਕਾਂ ਅਤੇ ਕਾਰੋਬਾਰੀਆਂ ਵੱਲੋਂ ਪੰਜਾਬ ਸਰਕਾਰ 'ਤੇ ਬਾਸਮਤੀ ਦਾ ਵਪਾਰ-ਕਾਰੋਬਾਰ ਚੌਪਟ ਕਰਨ ਦਾ ਲਗਾਏ ਗਏ ਦੋਸ਼ਾਂ ਨੂੰ ਬੇਹੱਦ ਗੰਭੀਰ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਾਹੀ ਫਾਰਮ ਹਾਊਸ 'ਚ ਬੈਠੇ ਮੁੱਖ ਮੰਤਰੀ ਅਮਰਿੰਦਰ ਸਿੰਘ ਹਰ ਮਾਮਲੇ 'ਤੇ ਆਪਣੀ ਪਕੜ ਗੁਆ ਬੈਠੇ ਹਨ। ਸਿੱਟੇ ਵਜੋਂ ਕਿਸਾਨਾਂ-ਵਪਾਰੀਆਂ ਸਮੇਤ ਹਰੇਕ ਵਰਗ ਦੇ ਹਿਤ ਦਾਅ 'ਤੇ ਲੱਗੇ ਹੋਏ ਹਨ, ਪਰੰਤੂ ਸਰਕਾਰੀ ਸਰਪ੍ਰਸਤੀ ਹੇਠ ਚੱਲਦਾ ਸੰਗਠਨਾਤਮਕ ਮਾਫ਼ੀਆ ਦੋਵੇਂ ਹੱਥੀ ਲੁੱਟ ਰਿਹਾ ਹੈ। ਜਿਸ ਦਾ ਖ਼ਮਿਆਜ਼ਾ ਸਰਕਾਰੀ ਖ਼ਜ਼ਾਨਾ, ਕਿਸਾਨ ਅਤੇ ਸਾਫ਼ ਸੁਥਰਾ ਵਪਾਰ-ਕਾਰੋਬਾਰ ਕਰਨ ਵਾਲੇ ਵਪਾਰੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਬੁੱਧਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਇਹ ਯਕੀਨੀ ਬਣਾਉਣ ਕਿ ਬਾਸਮਤੀ ਦਾ ਪਾਰਦਰਸ਼ੀ ਤਰੀਕੇ ਨਾਲ ਅੰਤਰਰਾਜੀ ਵਪਾਰ ਕਰਨ ਵਾਲੇ ਕਿਸੇ ਵੀ ਵਪਾਰੀ ਨੂੰ ਬਲੈਕਮੇਲ ਕਰਨ ਲਈ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਉੱਚ ਪੱਧਰੀ ਮਿਲੀਭੁਗਤ ਨਾਲ ਦੂਸਰੇ ਰਾਜਾਂ 'ਚ ਅੱਧੇ ਮੁੱਲ ਖ਼ਰੀਦ ਕੇ ਪੰਜਾਬ 'ਚ ਲਿਆਂਦੇ ਜਾ ਰਹੇ ਝੋਨੇ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ਼ੈਲਰ ਐਸੋਸੀਏਸ਼ਨ ਅਤੇ ਬਾਸਮਤੀ ਕਾਰੋਬਾਰੀਆਂ ਵੱਲੋਂ ਝੂਠੀਆਂ ਐਫਆਈਆਰਜ਼ ਦਰਜ ਕਰਨ ਦੇ ਜੋ ਦੋਸ਼ ਪੰਜਾਬ ਪੁਲਸ 'ਤੇ ਲਗਾਏ ਗਏ ਹਨ, ਉਨ੍ਹਾਂ ਦੀ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਹਰੀ ਰਾਜਾਂ ਦੇ ਝੋਨੇ ਨੂੰ ਪੰਜਾਬ ਵੇਚਣ ਲਈ ਚੱਲ ਰਹੇ ਮੰਡੀ ਮਾਫ਼ੀਆ ਨੂੰ ਸੱਤਾਧਾਰੀ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਵੱਡੇ ਲੀਡਰਾਂ ਦੀ ਸਰਪ੍ਰਸਤੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੋ ਮੁੱਖ ਮੰਤਰੀ ਸੂਬੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ-ਕਾਰੋਬਾਰੀਆਂ ਦੇ ਹਿਤਾਂ ਦੀ ਰੱਖਿਆ ਨਹੀਂ ਕਰ ਸਕਦੇ ਅਜਿਹੇ ਨਕਾਰਾ ਮੁੱਖ ਮੰਤਰੀ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ।