ਮੋਗਾ ‘ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਆਈਸੋਲੇਸ਼ਨ ‘ਚ ਰੱਖਿਆ,ਬੀਤੇ ਕੱਲ ਹੀ ਦੁਬਈ ਤੋਂ ਆਇਆ ਸੀ ਨਿਮੋਨੀਆ ਤੋਂ ਪੀੜਤ ਵਿਅਕਤੀ
ਮੋਗਾ,4 ਮਾਰਚ (ਜਸ਼ਨ) : ਅੱਜ ਮੋਗਾ ਦੇ ਸਿਵਲ ਹਸਪਤਾਲ ‘ਚ ਕੋਰੋਨਾ ਵਾਇਰਸ ਲੱਛਣ ਪਾਏ ਜਾਣ ’ਤੇ ਇਕ ਸ਼ੱਕੀ ਵਿਅਕਤੀ ਨੂੰ ਆਈਸੋਲੇਸ਼ਨ ਵਿਚ ਰੱਖਣ ਉਪਰੰਤ ਉਸ ਦੇ ਟੈਸਟ ਲੈਣੇ ਆਰੰਭ ਕੀਤੇ ਗਏ। ਸੀਨੀਅਰ ਮੈਡੀਕਲ ਅਫਸਰ ਡਾ: ਰਾਜੇਸ਼ ਅੱਤਰੀ ਨੇ ਦੱਸਿਆ ਕਿ ਇਹ ਵਿਅਕਤੀ ਮੋਗਾ ਨੇੜਲੇ ਇਕ ਪਿੰਡ ਦਾ ਹੈ ਜੋ ਕੱਲ ਹੀ ਦੁਬਈ ਤੋਂ ਆਇਆ ਸੀ ਅਤੇ ਉਹ ਖੰਘ ਅਤੇ ਬੁਖਾਰ ਤੋਂ ਪੀੜਤ ਹੋਣ ਕਰਕੇ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਵਾਈ ਲੈਣ ਲਈ ਆਇਆ ਸੀ । ਇਸ ਮੌਕੇ ਕੀਤੇ ਟੈਸਟਾਂ ਵਿਚ ਉਸ ਵਿਅਕਤੀ ਦੇ ਨਿਮੋਨੀਏ ਦੇ ਟੈਸਟ ਪਾਜ਼ੀਟਿਵ ਪਾਏ ਗਏ। ਇਸ ਮੌਕੇ ਡਾਕਟਰਾਂ ਵੱਲੋਂ ਉਸ ਵਿਅਕਤੀ ਵਿਚ ਪਾਏ ਗਏ ਕੋਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਕੁੱਝ ਹੋਰ ਲੱਛਣਾਂ ਕਾਰਨ ਉਸ ਦਾ ਇਲਾਜ ਆਰੰਭ ਕਰਨ ਦੀ ਗੱਲ ਕਹੀ ਗਈ ਪਰ ਇਸੇ ਮੌਕੇ ਕੁਝ ਪੱਤਰਕਾਰਾਂ ਵੱਲੋਂ ਉਸ ਵਿਅਕਤੀ ਨੂੰ ਪੁੱਛੇ ਸਵਾਲਾਂ ਕਾਰਨ ਉਹ ਭੜਕ ਗਿਆ ਅਤੇ ਹਸਪਤਾਲ ਵਿਚੋਂ ਫਰਾਰ ਹੋ ਗਿਆ । ਉਹਨਾਂ ਦੱਸਿਆ ਕਿ ਹਸਪਤਾਲ ਦੀ ਟੀਮ ਵੱਲੋਂ ਉਸ ਵਿਅਕਤੀ ਨੂੰ ਅੱਜ ਪ੍ਰੇਰ ਕੇ ਲਿਆਂਦਾ ਗਿਆ ਹੈ ਤਾਂ ਕਿ ਉਸ ਨੂੰ ਆਈਸੋਲੇਸ਼ਨ ਵਿਚ ਰੱਖ ਕੇ ਕੋਰੋਨਾ ਵਾਇਰਸ ਨਾਲ ਸਬੰਧਤ ਟੈਸਟ ਕੀਤੇ ਜਾ ਸਕਣ ਅਤੇ ਲੋੜ ਪੈਣ ’ਤੇ ਉਸ ਦਾ ਇਲਾਜ ਹੋ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਘਟਨਾ ਕਾਰਨ ਦਹਿਸ਼ਤ ਵਿਚ ਨਾ ਆਉਣ ਸਗੋਂ ਅਜਿਹੇ ਕਿਸੇ ਵਿਅਕਤੀ ਵਿਚ ਲੱਛਣ ਪਾਏ ਜਾਣ ’ਤੇ ਹਸਪਤਾਲ ਵਿਚੋਂ ਮੁੱਫ਼ਤ ਟੈਸਟ ਕਰਵਾਉਣ ਲਈ ਪ੍ਰੇਰਨਾ ਕਰਨ ਤਾਂ ਕਿ ਮਰੀਜ਼ ਦਾ ਇਲਾਜ ਵੀ ਹੋ ਸਕੇ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕੇ। ਡਾ: ਅੱਤਰੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ । ਉਹਨਾਂ ਕਿਹਾ ਕਿ ਮੀਟ ਅਤੇ ਮੱਛੀ ਆਦਿ ਨੂੰ ਚੰਗੀ ਤਰਾਂ ਪਕਾ ਕੇ ਖਾਧਾ ਜਾਵੇ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।