ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ 7 ਦੇ ਪਟਿਆਲਾ ਧਰਨੇ ‘ਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ
ਜਗਰਾਉਂ,31 ਦਸੰਬਰ (ਕੁਲਦੀਪ ਸਿੰਘ ਲੋਹਟ/ਜਸ਼ਨ ) ਆਮ ਆਦਮੀ ਪਾਰਟੀ ਐਸ ਸੀ ਵਿੰਗ ਪੰਜਾਬ ਦੇ ਪ੍ਰਧਾਨ ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸੂਬਾ ਸਰਕਾਰ ਵੱਲੋਂ ਬਿਜਲੀ ਬਿੱਲਾਂ ‘ਚ ਕੀਤੇ ਬੇਤਹਾਸ਼ਾ ਵਾਧੇ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਵਲੋਂ 7 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪਟਿਆਲਾ ਸਥਿਤ ਰਿਹਾਇਸ਼ ਅੱਗੇ ਬਿਜਲੀ ਬਿੱਲਾਂ ਖਿਲਾਫ਼ ਕੀਤੇ ਜਾ ਰਹੇ ਅੰਦੋਲਨ ਵਿਚ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ। ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਵਿਚ ਕੀਤੇ ਵੱਡੇ ਵਾਧੇ ਨੇ ਆਮ ਲੋਕਾਂ ਦੇ ਘਰਾਂ ਵਿਚ ਹਨੇਰਾ ਕਰ ਦਿੱਤਾ ਹੈ। ਬਿਲਾਸਪੁਰ ਨੇ ਸੂਬੇ ਦੀ ਕਾਂਗਰਸ ਸਰਕਾਰ ‘ਤੇ ਵਰਦਿਆਂ ਕਿਹਾ ਕਿ ਦਿਨੋ ਦਿਨ ਵੱਧ ਰਹੀ ਮਹਿੰਗਾਈ ਨਾਲ ਜਿੱਥੇ ਗਰੀਬ ਮਜਦੂਰ , ਕਿਸਾਨ ਤੇ ਛੋਟੇ ਦੁਕਾਨਦਾਰਾਂ ਨੂੰ ਦੋ ਡੰਗ ਢਿੱਡ ਭਰਕੇ ਰੋਟੀ ਵੀ ਨਸੀਬ ਨਹੀਂ ਹੁੰਦੀ ,ਉੱਥੇ ਪੰਜਾਬ ਸਰਕਾਰ ਵੱਲੋਂ ਬਿਜਲੀ ਬਿੱਲਾਂ ਵਿਚ ਵੱਡੀ ਪੱਧਰ ‘ਤੇ ਵਾਧਾ ਕਰਕੇ ਆਮ ਲੋਕਾਂ ਦੀਆਂ ਕੱਚੀਆਂ ਕੋਠੜੀਆਂ ਵਿਚ ਬਿਜਲੀ ਦੇ ਲਾਟੂ ਜਗਾਉਣ ਦੇ ਹੱਕ ‘ਤੇ ਵੀ ਡਾਕਾ ਮਾਰਿਆ ਹੈ। ਬਿਲਾਸਪੁਰ ਨੇ ਕਿਹਾ ਕਿ ਪੰਜਾਬ ਜੋ ਬਿਜਲੀ ਦਾ ਉਤਪਾਦਨ ਕਰਦਾ ਹੈ ,ਦੇ ਮੁਕਾਬਲੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਿਜਲੀ ਕਾਫੀ ਸਸਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਦਿੱਲੀ ਦੀ ਕੇਜਰੀਵਾਲ ਸਰਕਾਰ ਸੂਬੇ ਦੇ ਲੋਕਾਂ ਨੂੰ ਪੰਜਾਬ ਤੋਂ ਖਰੀਦ ਕੇ ਉੱਚਿਤ ਮੁੱਲ ‘ਤੇ ਬਿਜਲੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਲੋਕਾਂ ਨੂੰ ਸਹੀ ਮੁੱਲ ‘ਤੇ ਬਿਜਲੀ ਪ੍ਰਦਾਨ ਕਿਉਂ ਨਹੀਂ ਕਰ ਸਕਦੀ ?। ਵਿਧਾਇਕ ਬਿਲਾਸਪੁਰ ਨੇ ਸੱਤਾਧਾਰੀ ਕਾਂਗਰਸ ਸਰਕਾਰ ‘ਤੇ ਵਰਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੇ ਦਿਲ ਵਿਚ ਖੋਟ ਹੈ ਤੇ ਪੰਜਾਬ ਦੇ ਲੋਕਾਂ ‘ਤੇ ਬਿਜਲੀ ਬਿੱਲਾਂ ਦਾ ਬੋਝ ਪਾ ਕੇ ਸੂਬੇ ਦੇ ਲੋਕਾਂ ਨੂੰ ਕੰਗਾਲੀ ਦੇ ਰਾਹ ਤੋਰ ਰਹੀ ਹੈ। ਉਨ੍ਹਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਦੇ ਲੋਕ ਵਿਰੋਧੀ ਇਸ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ ਪੰਜਾਬ ਵਲੋਂ ਸੂਬਾ ਪ੍ਰਧਾਨ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਤਿੱਖਾ ਸ਼ੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੁੱਚੇ ਸ਼ੰਘਰਸ਼ੀਲ ਲੋਕਾਂ ਨੂੰ 7 ਜਨਵਰੀ ਦੇ ਪਟਿਆਲਾ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਨਿੱਜੀ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕਰਨ ਦੀ ਪੁਰਜੋਰ ਅਪੀਲ ਕੀਤੀ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ