ਦਰਵੇਸ਼ ਕਾਰੋਬਾਰੀ ਸ਼੍ਰੀ ਜਗਦੀਸ਼ ਰਾਏ ਗਰਗ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ 31 ਦਸੰਬਰ ਨੂੰ
ਬਾਘਾਪੁਰਾਣਾ,30 ਦਸੰਬਰ (ਜਸ਼ਨ): ਇਸ ਫ਼ਾਨੀ ਦੁਨੀਆਂ ’ਤੇ ਕਈ ਸ਼ਖਸੀਅਤਾਂ ਐਸੀਆਂ ਵੀ ਆਉਂਦੀਆਂ ਨੇ ਜੋ ਆਪਣੇ ਜੀਵਨ ਦੌਰਾਨ ਆਪਣੀ ਬਹੁਪੱਖੀ ਸ਼ਖਸੀਅਤ ਸਦਕਾ ਸਮਾਜ ਲਈ ਸਮਰਪਿਤ ਰਹਿੰਦਿਆਂ ਅਜਿਹੇ ਕਾਰਜ ਕਰਦੀਆਂ ਨੇ ਜਿਹਨਾਂ ਸਦਕਾ ਜੀਵਨ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕਰਦੇ ਨੇ ਤੇ ਇੰਜ ਉਹ ਸ਼ਖਸੀਅਤਾਂ ਲੋਕਾਂ ਦੇ ਦਿਲਾਂ ਵਿਚ ਸਦੀਵੀ ਯਾਦ ਬਣ ਜਾਂਦੀਆਂ ਨੇ। ਅਜਿਹੀ ਹੀ ਸ਼ਖਸੀਅਤ ਸਨ ਸ਼੍ਰੀ ਜਗਦੀਸ਼ ਰਾਏ ਗਰਗ । ਸ਼੍ਰੀ ਗਰਗ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਰਾਜੇਆਣਾ ਵਿਖੇ ਪਿਤਾ ਬੁੱਧ ਰਾਮ ਦੇ ਘਰ ਮਾਤਾ ਕੁਸ਼ਲਿਆ ਦੇਵੀ ਦੀ ਕੁੱਖੋਂ ਹੋਇਆ। ਗੁਰੂ ਤੇਗ ਬਹਾਦਰਗੜ੍ਹ ਸਕੂਲ ਤੋਂ 12 ਵੀਂ ਤੱਕ ਵਿੱਦਿਆ ਪ੍ਰਾਪਤ ਕਰਕੇ ਆਪ ਜੀ ਨੇ ਵਪਾਰ ਦੇ ਖੇਤਰ ਨੂੰ ਅਪਣਾਇਆ ਤੇ ਫਿਰ ਤੇਲ ਦਾ ਹੋਲਸੇਲ ਕਾਰੋਬਾਰ ਕੀਤਾ। ਆਪ ਜੀ ਦਾ ਵਿਆਹ ਸ਼ਾਂਤੀ ਦੇਵੀ ਵਾਸੀ ਚੜਿੱਕ ਨਾਲ ਹੋਇਆ ਅਤੇ ਦੋਹਾਂ ਨੇ ਆਪਣੇ ਦੋ ਪੁੱਤਰਾਂ ਅਤੇ ਚਾਰ ਧੀਆਂ ਨੂੰ ਉੱਚ ਨੈਤਿਕ ਪਾਠ ਪੜ੍ਹਾਉਂਦਿਆਂ ਜ਼ਿੰਦਗੀ ਵਿਚ ਸਫ਼ਲ ਹੋਣ ਦਾ ਵੱਲ ਸਿਖਾਇਆ। ਉਹਨਾਂ ਵੱਲੋਂ ਦਿੱਤੇ ਆਦਰਸ਼ ਸੰਸਕਾਰਾਂ ਸਦਕਾ ਉਹਨਾਂ ਦੇ ਪੁੱਤਰ ਸ਼੍ਰੀ ਬਾਲ ਕ੍ਰਿਸ਼ਨ ਬਾਲੀ ਨੇ ਨਗਰ ਕੌਂਸਲ ਬਾਘਾਪੁਰਾਣਾ ਦੇ ਪ੍ਰਧਾਨ ਵਜੋਂ ਸਮਾਜ ਸੇਵਾ ਦੇ ਨਵੇਂ ਅਯਾਮ ਛੂਹੇ । ਸ਼੍ਰੀ ਬਾਲੀ ਅੱਜਕੱਲ ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਵਜੋਂ ਪਾਰਟੀ ਨੂੰ ਸਸ਼ੱਕਤ ਕਰਨ ਲਈ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਹੇ ਹਨ। ਸ਼੍ਰੀ ਬਾਲੀ ਅਤੇ ਕੇਵਲ ਕ੍ਰਿਸ਼ਨ ਨੇ ਬਾਸਮਤੀ ਦੇ ਕਾਰੋਬਾਰ ਵਿਚ ਦੇਸ਼ ਵਿਦੇਸ਼ ਵਿਚ ਨਾਮਣਾ ਖੱਟਿਆ ,ਜਿਸ ਦੀ ਬਦੌਲਤ ਸ਼੍ਰੀ ਬਾਲੀ ਨੂੰ ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਬਾਸਮਤੀ ਮਿਲਰਜ਼ ਐਂਡ ਐਕਸਪੋਰਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ। ਸ਼੍ਰੀ ਜਗਦੀਸ਼ ਰਾਏ ਗਰਗ ਨੇ ਧਾਰਮਿਕ ਸੇਵਾਵਾਂ ਨਿਭਾਉਂਦਿਆਂ ਪਿੰਡ ਰਾਜੇਆਣਾ ਦੇ ਗੁਰਦੁਆਰਾ ਸੰਤ ਮੀਹਾਂ ਸਿੰਘ ਰਾਜਾ ਪੀਰ ਦੇ ਆਪਣੇ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਆਧੁਨਿਕ ਪੱਧਰ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਜਦਕਿ ਜਨਤਾ ਧਰਮਸ਼ਾਲਾ ਬਾਘਾਪੁਰਾਣਾ ਦੇ ਆਪਣੇ 15 ਸਾਲ ਪ੍ਰਧਾਨਗੀ ਕਾਰਜਕਾਲ ਦੌਰਾਨ ਧਰਮਸ਼ਾਲਾ ਦੀ ਇਮਾਰਤ ਨੂੰ ਨਵੀਂ ਦਿੱਖ ਦਿੱਤੀ ਅਤੇ ਸੁਆਮੀ ਮਹੇਸ਼ ਮੁਨੀ ਬੋਰੇਵਾਲੇ ਮਹਾਪੁਰਖਾਂ ਦੀ ਗਊਸ਼ਾਲਾ ਦੇ 15 ਸਾਲ ਪ੍ਰਧਾਨ ਰਹੇ ਅਤੇ ਸੰਗਤਾਂ ਨੂੰ ਗਊ ਸੇਵਾ ਲਈ ਪਰੇਰਦੇ ਰਹੇ। ਸਮਾਜ ਵਿਚ ਦਰਵੇਸ਼ ਸਮਾਜ ਸੇਵੀ ਵਜੋਂ ਸਤਿਕਾਰੇ ਜਾਣ ਵਾਲੇ ਸ਼੍ਰੀ ਜਗਦੀਸ਼ ਰਾਏ ਗਰਗ ਬੀਤੀ 19 ਦਸੰਬਰ ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ,ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੱਜ 31 ਦਸੰਬਰ ਦਿਨ ਮੰਗਲਵਾਰ ਨੂੰ ਸ਼੍ਰੀ ਗਰੁੜ ਪੁਰਾਣ ਦੇ ਪਾਠਾਂ ਦੇ ਭੋਗ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਨਵੀਂ ਅਨਾਜ ਮੰਡੀ ਕੋਟਕਪੂਰਾ ਰੋਡ ,ਬਾਘਾਪੁਰਾਣਾ,ਜ਼ਿਲ੍ਹਾ ਮੋਗਾ ਵਿਖੇ ਪਾਏ ਜਾਣਗੇ ,ਜਿੱਥੇ ਸਮਾਜ ਦੇ ਵੱਖ ਵੱਖ ਖੇਤਰਾਂ ਦੀਆਂ ਅਹਿਮ ਸ਼ਖਸੀਅਤਾਂ ਬਾਊ ਜੀ ਨੂੰ ਸ਼ਰਧਾ ਸੁਮਨ ਭੇਂਟ ਕਰਨਗੀਆਂ ।