ਨਗਰ ਨਿਗਮ ਮੋਗਾ ਦਾ ਚੱਲਿਆ ਕੁਹਾੜਾ ,ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ 10 ਵਾਟਰ ਸਪਲਾਈ ਦੇ ਕੁਨੈਕਸ਼ਨ ਕੱਟੇ ,ਸ਼ਹਿਰ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੀਤੀ ਕਾਰਵਾਈ
ਮੋਗਾ 4 ਜੁਲਾਈ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੀਣ ਵਾਲੇ ਪਾਣੀ ਨੂੰ ਦੂਸ਼ਿਤ ਹੋਣ ਅਤੇ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਤੋ ਰੋਕਣ ਲਈ ਅੱਜ ਨਗਰ ਨਿਗਮ ਮੋਗਾ ਦੁਆਰਾ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ 10 ਵਾਟਰ ਸਪਲਾਈ ਦੇ ਕੁਨੈਕਸ਼ਨ ਕੱਟੇ ਗਏ।ਨਿਗਰਾਨ ਇੰਜੀਨੀਅਰ ਸ੍ਰੀ ਪ੍ਰਵੀਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਸ਼ਹਿਰ ਵਿਚ ਕੁੱਝ ਲੋਕਾਂ ਵੱਲੋਂ ਨਗਰ ਨਿਗਮ ਮੋਗਾ ਦੀ ਮੰਨਜੂਰੀ ਤੋ ਬਿਨਾਂ ਗੈਰ-ਕਾਨੂੰਨੀ ਢੰਗ ਨਾਲ ਵਾਟਰ ਸਪਲਾਈ ਦੇ ਕੁਨੈਕਸ਼ਨ ਲਏ ਹੋਏ ਹਨ ਜਿਸ ਵਿਚ ਕੁੱਝ ਖੁੱਲੇ ਅਤੇ ਕੁੱਝ ਕੁਨੈਕਸ਼ਨਾਂ ਵਿਚ ਪੀ.ਵੀ.ਸੀ. ਦੀਆਂ ਜਾਂ ਲੋਹੇ ਦੀਆਂ ਗਲੀਆਂ ਹੋਈਆਂ ਪਾਈਪਾਂ ਵਰਤੀਆਂ ਗਈਆਂ ਹਨ, ਉਨਾਂ ਦੱਸਿਆ ਕਿ ਗਲੀਆਂ ਪਾਈਪਾਂ ਜੋ ਕਿ ਕਈ ਥਾਵਾਂ ਤੇ ਨਾਲੀਆਂ ਵਿਚੋ ਹੋ ਕੇ ਗੁਜਰ ਰਹੀਆਂ ਹਨ, ਜਿਸ ਨਾਲ ਖੁਲੇ ਜਾਂ ਲੀਕ ਹੋਣ ਕਾਰਨ ਪੀਣ ਵਾਲਾ ਸਾਫ ਪਾਣੀ ਨਾਲੀਆਂ ਵਿਚ ਵਿਅਰਥ ਚਲਾ ਜਾਂਦਾ ਹੈ ਅਤੇ ਸਪਲਾਈ ਬੰਦ ਹੋਣ ਤੇ ਉਸੇ ਲੀਕੇਜਂ ਰਾਹੀਂ ਨਾਲੀਆਂ ਦਾ ਗੰਦਾ ਪਾਣੀ, ਸਪਲਾਈ ਵਾਲੀ ਪਾਇਪ ਵਿਚ ਚਲਾ ਜਾਂਦਾ ਹੈ ਤੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰ ਦਿੰਦਾ ਹੈ ਜਿਸ ਕਰਕੇ ਸ਼ਹਿਰ ਵਿਚ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੈਰ ਕਾਨੂੰਨੀ ਢੰਗ ਨਾਲ ਪਾਣੀ ਵਰਤਣ ਵਾਲੇ ਵਿਅਕਤੀਆਂ ਤੇ ਨਕੇਲ ਕਸਦਿਆਂ ਨਗਰ ਨਿਗਮ ਵੱਲੋਂ ਇਸ ਤਰਾਂ ਦੇ ਸ਼ਹਿਰ ਵਿੱਚ ਚੱਲ ਰਹੇ 10 ਪਾਣੀ ਦੇ ਨਜਾਇਜ਼ ਕੁਨੈਕਸ਼ਨਾਂ ਨੂੰ ਕੱਟਿਆ ਗਿਆ ਹੈ। ਨਿਗਰਾਨ ਇੰਜੀਨੀਅਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਲੀਕ ਹੁੰਦੀਆਂ ਪਾਈਪਾਂ ਦੀ ਤੁੰਰਤ ਰਿਪੇਅਰ ਕਰਵਾ ਲਈ ਜਾਵੇ ਅਤੇ ਗੈਰ ਕਾਨੂੰਨੀ ਢੰਗ ਨਾਲ ਲਏ ਗਏ ਕੁਨੈਕਸ਼ਨ ਵੀ ਤੁਰੰਤ ਬੰਦ ਕੀਤੇ ਜਾਣ। ਉਨਾਂ ਸਹਿਰ ਵਾਸੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਨਗਰ ਨਿਗਮ ਤੋ ਪਾਣੀ ਦਾ ਸਿਰਫ ਰੈਗੂਲਰ ਕੂਨੈਕਸ਼ਨ ਜੋ ਕਿ ਨਿਗਮ ਦੇ ਨੁਮਾਇੰਦੇ ਦੀ ਦੇਖ-ਰੇਖ ਵਿਚ ਸੁਚੱਜੇ ਢੰਗ ਨਾਲ ਜੋੜਿਆ ਹੋਵੇ ਉਹੀ ਵਰਤਿਆ ਜਾਵੇ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨਿਗਮ ਦੀਆਂ ਟੀਮਾਂ ਵੱਲੋਂ ਚੈਕਿੰਗ ਜਾਰੀ ਰੱਖੀ ਜਾਵੇਗੀ ਅਤੇ ਜੇਕਰ ਅਜਿਹੀ ਕੋਈ ਲਾਪਰਵਾਹੀ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਉਸ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ