ਛਾਪੇਮਾਰੀ ਕਰਕੇ ਮੋਗਾ ‘ਚ ਪੌਲੀਥੀਨ ਦੇ 272 ਕਿਲੋ ਥੈਲੇ ਕੀਤੇ ਗਏ ਜ਼ਬਤ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ 12 ਦੁਕਾਨਾਂ ’ਤੇ ਛਾਪੇਮਾਰੀ ਦੇ ਬਾਵਜੂਦ ਰੇੜੀਆਂ ’ਤੇ ਵਰਤੇ ਜਾ ਰਹੇ ਨੇ ਪੌਲੀਥੀਨ ਦੇ ਲਿਫ਼ਾਫ਼ੇ
ਮੋਗਾ 15 ਜੂਨ:(ਜਸ਼ਨ):ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ‘ਤੰਦਰੁਸਤ ਪੰਜਾਬ ਮਿਸ਼ਨ‘ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋ ਸਾਂਝੇ ਤੌਰ ਤੇ ਪੌਲੀਥੀਨ ਲਿਫ਼ਾਫਿਆਂ ਦੀ ਹੋ ਰਹੀ ਵਰਤੋਂ ਨੂੰ ਰੋਕਣ ਲਈ ਸ਼ਹਿਰ ਦੀਆਂ ਵੱਖ-ਵੱਖ 12 ਦੁਕਾਨਾਂ ‘ਤੇ ਛਾਪੇਮਾਰੀ ਕਰਕੇ 272.700 ਕਿਲੋਗ੍ਰਾਮ ਪੌਲੀਥੀਨ ਦੇ ਥੈਲੇ ਜ਼ਬਤ ਕੀਤੇ ਗਏ। ਇਸ ਬਾਰੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਾਇਕ ਵਾਤਾਵਰਣ ਇੰਜੀਨੀਅਰ ਕੁਲਦੀਪ ਸਿੰਘ ਅਤੇ ਮੁੱਖ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਨੇ ਦੱਸਿਆ ਕਿ ਉਨਾਂ ਵੱਲੋਂ ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਅਰਜਨ ਸਿੰਘ ਅਤੇ ਸੁਮਨ ਕੁਮਾਰ ਸਮੇਤ ਕੀਤੀ ਗਈ ਇਸ ਚੈਕਿੰਗ ਦੌਰਾਨ ਸ਼ਹਿਰ ਦੀਆਂ ਵੱਖ-ਵੱਖ 12 ਫਰਮਾਂ ਪਾਸੋਂ 2 ਕੁਇੰਟਲ 72 ਕਿਲੋਗ੍ਰਾਮ ਤੇ 700 ਗ੍ਰਾਮ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੇ ਗਏ ਪਲਾਸਟਿਕ ਦੇ ਥੈਲੇ ਪਕੜੇ ਗਏ। ਉਨਾਂ ਦੱਸਿਆ ਕਿ ਇਨਾਂ ਪਲਾਸਟਿਕ ਦੇ ਥੈਲਿਆਂ ਨੂੰ ਜ਼ਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਦੀ ਕੀਤੀ ਗਈ ਛਾਪੇਮਾਰੀ ਦੌਰਾਨ ਮੌਕੇ ’ਤੇ 30 ਹਜ਼ਾਰ ਰੁਪਏ ਦੇ ਚਲਾਣ ਵੀ ਕੱਟੇ ਗਏ। ਉਨਾਂ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਵਾਤਾਵਰਣ ਦੀ ਸਵੱਛਤਾ ਲਈ ਸਾਨੂੰ ਸਾਰਿਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਸਤੇਮਾਲ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਤਾਂ ਜਂੋ ਵਾਤਾਵਰਣ ਨੂੰ ਇਸ ਦੇ ਦੁਸ਼ਪ੍ਰਭਾਵਾਂ ਤੋਂ ਬਚਾਇਆ ਜਾ ਸਕੇ। ਉਨਾਂ ਦੱਸਿਆ ਕਿ ਮਿਸ਼ਨ ਤਹਿਤ ਲੋਕਾਂ ਨੂੰ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਸਨਅਤਕਾਰਾਂ,ਡੀਲਰਾਂ,ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਪਲਾਸਟਿਕ ਦੀ ਮੈਨੂਫੈਕਚਰਿੰਗ,ਸਟੋਰ ਅਤੇ ਵਰਤੋਂ ਨਾ ਕਰਨ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੀ ਵਰਤੋਂ ’ਤੇ ਪੂਰੀ ਤਰਾਂ ਪਾਬੰਦੀ ਲਗਾਈ ਗਈ ਹੈ।