ਕਾਂਗਰਸੀ ਵਿਧਾਇਕਾਂ ਖਿਲਾਫ਼ ਸ਼ਿਕਾਇਤ ਕਰਨ ਵਾਲੇ ਏ ਡੀ ਸੀ ਜਗਵਿੰਦਰਜੀਤ ਸਿੰਘ ਗਰੇਵਾਲ ਦਾ ਵੀ ਹੋਇਆ ਤਬਾਦਲਾ

ਚੰਡੀਗੜ੍ਹ,30 ਸਤੰਬਰ (ਜਸ਼ਨ)-ਅੱਜ ਪੰਜਾਬ ਸਰਕਾਰ ਵੱਲੋਂ 17 ਆਈ ਏ ਐੱਸ ਅਤੇ 12 ਪੀ ਸੀ ਐੱਸ ਅਧਿਕਾਰੀਆਂ ਦੇ ਕੀਤੇ ਤਬਾਦਲਿਆਂ ਦੇ ਹੁਕਮਾਂ ਮੁਤਾਬਕ ਸ: ਜਗਵਿੰਦਰਜੀਤ ਸਿੰਘ ਗਰੇਵਾਲ ਪੀ ਸੀ ਐੱਸ ਜੋ ਏ ਡੀ ਸੀ ਮੋਗਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਨੂੰ ਬਦਲ ਕੇ ਸੈਕਟਰੀ, ਪੰਜਾਬ ਸੁਬਾਰਡੀਨੇਟ ਸਰਵਿਸਿਸ ਸਲੈਕਸ਼ਨ ਬੋਰਡ, ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸ: ਜਗਵਿੰਦਰਜੀਤ ਸਿੰਘ ਗਰੇਵਾਲ ਪਹਿਲਾਂ ਕਮਿਸ਼ਨਰ ਨਗਰ ਨਿਗਮ ਮੋਗਾ ਵਜੋਂ ਸੇਵਾਵਾਂ ਦੇ ਰਹੇ ਸਨ ਪਰ ਉਸ ਸਮੇਂ ਵੀ ਨਗਰ ਨਿਗਮ ਮੋਗਾ ਸ਼ਹਿਰ ਦੀ ਨਕਸ਼ ਨੁਹਾਰ ਬਦਲਣ ਵਿਚ ਅਸਮਰੱਥ ਰਿਹਾ । ਬੀਤੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ: ਗਰੇਵਾਲ ਨੇ ਮੋਗਾ ਦੇ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ ,ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਡਾ: ਹਰਜੋਤ ਕਮਲ ’ਤੇ ਮੀਡੀਆ ਵਿਚ ਗੰਭੀਰ ਦੋਸ਼ ਲਗਾਏ ਸਨ ਹੋਰ ਤਾਂ ਹੋਰ ਉਹਨਾਂ ਬਾਅਦ ਵਿਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਨੂੰ ਉਹਨਾਂ ਦੇ ਘਰ ਕਿਸੇ ਮਾੜੀ ਨੀਅਤ ਨਾਲ ਆਉਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ ।