ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ‘ਆਪ’ ਐਸ ਡੀ ਐਮ ਦਫ਼ਤਰ ਮੂਹਰੇ ਦੇਵੇਗੀ ਧਰਨਾ : ਸੰਧਵਾਂ

ਕੋਟਕਪੂਰਾ, 27 ਸਤੰਬਰ (ਟਿੰਕੂ ਪਰਜਾਪਤੀ) :- ਆਮ ਆਦਮੀ ਪਾਰਟੀ ਦੇ ਚੀਫ ਵਿੱਪ ਤੇ ਸਥਾਨਕ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸ਼ਹਿਰ ਦੇ ਦੁਆਰੇਆਣਾ ਸੜਕ ’ਤੇ ਸਥਿੱਤ ਗਲੀ-ਮੁਹੱਲਿਆਂ ਸਮੇਤ ਗਾਂਧੀ ਬਸਤੀ ਦਾ ਦੌਰਾ ਕਰਦਿਆਂ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ। ਮੁਹੱਲਾ ਵਾਸੀਆਂ ਨੇ ਗਲੀਆਂ ਦੀ ਖਸਤਾ ਹਾਲਤ ਅਤੇ ਨਾਲੀਆਂ ਦੇ ਨਿਕਾਸੀ ਪਾਣੀ ਨਾਲ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਬਾਰੇ ਇਕ ਤੋਂ ਵੱਧ ਵਾਰ ਲਿਖਤੀ ਅਤੇ ਜੁਬਾਨੀ ਤੌਰ ’ਤੇ ਨਗਰ ਕੋਂਸਲ ਸਮੇਤ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਾਉਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਮੁਹੱਲਾ ਵਾਸੀਆਂ ਦੀ ਹਾਜਰੀ ’ਚ ਵਿਧਾਇਕ ਸੰਧਵਾਂ ਨੇ ਨਗਰ ਕੋਂਸਲ ਅਧਿਕਾਰੀਆਂ ਨਾਲ ਉਕਤ ਮੁਸ਼ਕਿਲਾਂ ਤੇ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ ਤਾਂ ਅਧਿਕਾਰੀਆਂ ਨੇ ਜਲਦ ਵਿਕਾਸ ਸ਼ੁਰੂ ਕਰਨ ਅਤੇ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿਵਾਇਆ। ਸੰਧਵਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਵਿਕਾਸ ਸ਼ੁਰੂ ਨਾ ਹੋਏ ਅਤੇ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਹਮਖਿਆਲੀ ਸੰਸਥਾਵਾਂ ਤੇ ਜਥੇਬੰਦੀਆਂ ਸਮੇਤ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਐਸਡੀਐਮ ਦਫਤਰ ਕੋਟਕਪੂਰਾ ਮੂਹਰੇ ਪੱਕੇ ਤੌਰ ’ਤੇ ਧਰਨਾ ਲਾਉਣ ਤੋਂ ਗੁਰੇਜ ਨਹੀਂ ਕਰੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸੰਧਵਾਂ ਨੇ ਆਖਿਆ ਕਿ ਗਲੀਆਂ-ਨਾਲੀਆਂ ਤੇ ਸੜਕਾਂ ਦੇ ਵਿਕਾਸ ਤੋਂ ਇਲਾਵਾ ਹਰ ਮਨੁੱਖ ਲਈ ਸੁੱਖ ਸਹੂਲਤਾਂ ਦੀ ਮੰਗ ਉਸ ਦਾ ਮੁੱਢਲਾ ਅਧਿਕਾਰ ਹੈ। ਜੇਕਰ ਸਮੇਂ ਦੀਆਂ ਸਰਕਾਰਾਂ, ਜਿਲਾ ਪ੍ਰਸ਼ਾਸ਼ਨ, ਵਾਟਰ ਵਰਕਸ ਤੇ ਸੀਵਰੇਜ ਵਿਭਾਗ ਅਤੇ ਨਗਰ ਕੋਂਸਲ ਆਮ ਲੋਕਾਂ ਦੀਆਂ ਸੁੱਖ ਸਹੂਲਤਾਂ ਮੁਹੱਈਆ ਨਾ ਕਰਵਾਵੇ ਤਾਂ ਲੋਕਾਂ ਕੋਲ ਸਿਰਫ ਅਦਾਲਤ ਦਾ ਦਰਵਾਜਾ ਖੜਕਾਉਣ ਦਾ ਰਸਤਾ ਹੀ ਬਚਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਜੀ. ਸੁਖਜੀਤ ਸਿੰਘ ਢਿੱਲਵਾਂ, ਮਨਜਿੰਦਰ ਸਿੰਘ ਗੋਪੀ, ਜਸਵੀਰ ਸਿੰਘ ਜੱਸਾ, ਮਨੀ ਸਿੰਘ ਧਾਲੀਵਾਲ ਆਦਿ ਵੀ ਹਾਜਰ ਸਨ।