ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਧੁੱਸੀ ਬੰਧ ਦੇ ਲਾਗਲੇ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਸੰਘੇੜਾ/ਮਦਾਰਪੁਰਾ (ਮੋਗਾ) 27 ਸਤੰਬਰ(ਜਸ਼ਨ): ਬੀਤੇ ਦਿਨੀ ਹੋਈਆਂ ਭਾਰੀ ਬਾਰਿਸ਼ਾਂ ਕਾਰਣ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ, ਪ੍ਰੰਤੂ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ, ਇਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀ ਹੈ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਨੇਂ ਧੁੱਸੀ ਬੰਨ ਦਾ ਜਾਇਜ਼ਾ ਲੈਣ ਮੌਕੇ ਦਰਿਆ ਲਾਗਲੇ ਪਿੰਡਾਂ ਬੋਗੇਵਾਲਾ, ਮਦਾਰਪੁਰਾ, ਸੰਘੇੜਾ ਮੇਲਕ ਕੰਗਾ, ਮੰਦਰ ਕਲਾਂ ਅਤੇ ਭੈਣੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਸਮੇ ਕੀਤਾ। ਇਸ ਮੌਕੇ ਉਨਾਂ ਨਾਲ ਐਸ.ਐਸ.ਪੀ. ਗੁਰਪ੍ਰੀਤ ਸਿੰਘ ਤੂਰ ਅਤੇ ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ਼ ਬੈਸ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਉਨਾਂ ਦੇ ਜਾਨ ਮਾਲ ਦੀ ਰਾਖੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਧੁੱਸੀ ਬੰਧ ਦੇ ਲਾਗਲੇ 37 ਪਿੰਡਾਂ ਦੀ ਲਗਭਗ 8,500 ਏਕੜ ਫਸਲ ਪ੍ਰਭਾਵਿਤ ਹੋਈ ਹੈ। ਉਨਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫ਼ਸਲਾਂ ਦੇ ਹੋਏ ਖਰਾਬੇ ਦੀ ਤੁਰੰਤ ਗਿਰਦਾਵਰੀ ਕੀਤੀ ਜਾਵੇ, ਤਾਂ ਜੋ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਯੋਗ ਮੁਆਵਜ਼ਾ ਦਿਵਾਇਆ ਜਾ ਸਕੇ। ਉਨਾਂ ਸੰਘੇੜਾ ਵਾਸੀਆਂ ਦੀ ਮੰਗ ‘ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ  ਬੰਨ ਦੇ ਨਾਲ ਪਾਣੀ ਦੀ ਨਿਕਾਸੀ ਲਈ ਪੁਲੀ ਨੂੰ ਹੋਰ ਚੌੜਾ ਕਰਨ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਦੇਖਭਾਲ ਲਈ ਇੱਕ ਹੋਰ ਕਿਸ਼ਤੀ ਦਾ ਇੰਤਜ਼ਾਮ ਕੀਤਾ ਜਾਵੇਗਾ। ਉਨਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਮੀਤ ਸਿੰਘ ਨੂੰ ਪ੍ਰਭਾਵਿਤ ਪਿੰਡਾਂ ਦੇ ਪਸ਼ੂਆਂ ਲਈ ਲੋੜੀਦੇ ਚਾਰੇ ਦਾ ਇੰਤਜ਼ਾਮ ਕਰਨ ਲਈ ਕਿਹਾ। ਉਨਾਂ ਲੋਕਾਂ ਦੀ ਮੰਗ ‘ਤੇ ਕਿਹਾ ਕਿ ਸਿਹਤ ਵਿਭਾਗ ਵੱਲੋ ਤਿੰਨ ਦਿਨ ਫਤਹਿਗੜ ਪੰਜਤੂਰ ਅਤੇ ਤਿੰਨ ਦਿਨ ਕਿਸ਼ਨਪੁਰਾ ਕਲਾਂ ਲਈ ਇੱਕ ਡਾਕਟਰ ਤਾਇਨਾਤ ਕੀਤਾ ਜਾਵੇਗਾ। ਬਾਅਦ ਵਿੱਚ ਡਿਪਟੀ ਕਮਿਸ਼ਨਰ ਪਿੰਡ ਮਦਾਰਪੁਰਾ ਦੇ ਬਜ਼ੁਰਗ ਰੇਸ਼ਮ ਸਿੰਘ ਜਿਸਦੀ ਬੀਤੇ ਦਿਨ ਪਾਣੀ ਵਿੱਚ ਡੁੱਬਣ ਕਾਰਣ ਮੌਤ ਹੋ ਗਈ ਸੀ ਦੇ ਘਰ ਗਏ ਅਤੇ ਉਸਦੇ ਪਰਿਵਾਰਕ ਮੈਬਰਾਂ ਨਾਲ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਉਨਾਂ ਕਿਹਾ ਕਿ ਮਿ੍ਰਤਕ ਦੇ ਵਾਰਿਸਾਂ ਨੂੰ ਜ਼ਿਲਾ ਰੈਡ ਕਰਾਸ ਸੋਸਾਇਟੀ ਵਿੱਚੋ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋ ਇਲਾਵਾ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਚੰਦਰਮੋਹਨ ਜੈਨ, ਐਸ.ਡੀ.ਓ ਸੋਹਣ ਲਾਲ, ਏ.ਈ. ਰਛਪਾਲ ਸਿੰਘ, ਜੇ.ਈ. ਗੁਰਸਿਮਰਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਮੀਤ ਸਿੰਘ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਵਿਭਾਗ ਜੇ.ਐਸ. ਚਾਹਲ, ਤਹਿਸੀਲਦਾਰ ਧਰਮਕੋਟ ਪਵਨ ਕੁਮਾਰ ਗੁਲਾਟੀ, ਨਾਇਬ ਤਹਿਸੀਲਦਾਰ ਮਨਮਿੰਦਰ ਸਿੰਘ, ਸਬੰਧਤ ਵਿਭਾਗਾਂ ਦੇ ਅਧਿਕਾਰੀ/ਕ੍ਰਮਚਾਰੀ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸੀਨੀਅਰ ਕਾਂਗਰਸੀ ਆਗੂ ਕੁਲਬੀਰ ਸਿੰਘ ਲੌਗੀਂਵਿੰਡ,ਦਲੇਰ ਚੋਟੀਆਂ ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਪੀ ਏ ਸੋਹਣਾ ਖੇਲਾ, ਗੋਗਾ ਸੰਗਲਾ,ਜਰਨੈਲ ਖੰਬੇ ਬਲਾਕ ਪ੍ਰਧਾਨ ਅਤੇ ਲਾਗਲੇ ਪਿੰਡਾਂ ਦੇ ਪਤਵੰਤੇ ਵਿਅਕਤੀ ਮੌਜੂਦ ਸਨ।