ਮੁੱਖ ਮੰਤਰੀ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ, ਨੁਕਸਾਨੇ ਗਏ ਘਰਾਂ ਅਤੇ ਪਸ਼ੂਧਨ ਦਾ ਵੀ ਮੁਆਵਜ਼ਾ ਦੇਣ ਦਾ ਐਲਾਨ

ਤਰਨ ਤਾਰਨ/ਕਪੂਰਥਲਾ, 26 ਸਤੰਬਰ(ਜਸ਼ਨ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਤਰਨ ਤਾਰਨ ਤੇ ਕਪੂਰਥਲਾ ਜ਼ਿਲਿਆਂ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਵਿਸ਼ੇਸ਼ ਗਿਰਦਾਵਰੀ ਵੀ ਛੇਤੀ ਤੋਂ ਛੇਤੀ ਮੁਕੰਮਲ ਕਰਨ ਦਾ ਐਲਾਨ ਕੀਤਾ ਤਾਂ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਉਨਾਂ ਨੇ ਇਹ ਵੀ ਐਲਾਨ ਕੀਤਾ ਕਿ ਭਾਰੀ ਮੀਂਹ ਜਾਂ ਹੜਾਂ ਨਾਲ ਨੁਕਸਾਨੇ ਗਏ ਘਰਾਂ ਦੇ ਪੀੜਤ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ।ਮੁੱਖ ਮੰਤਰੀ ਨੇ ਬਿਆਸ ਦਰਿਆ ਨੇੜਲੇ ਇਲਾਕਿਆਂ ਵਿੱਚ ਫਸਲਾਂ ਨੂੰ ਕਾਫੀ ਨੁਕਸਾਨ ਦੱਸਦਿਆਂ ਇਨਾਂ ਜ਼ਿਲਿਆਂ ਦੇ ਅਧਿਕਾਰੀਆਂ ਨੂੰ ਸਥਿਤੀ ’ਤੇ ਨੇੜਿਓਂ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਤਾਂ ਕਿ ਹੜਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਹਾਲਾਂਕਿ ਸਥਿਤੀ ਉਨੀਂ ਖਰਾਬ ਨਹੀਂ ਹੈ, ਜਿੰਨੀ ਕਿ ਉਨਾਂ ਦੇ ਹਵਾਈ ਸਰਵੇਖਣ ਤੋਂ ਪਹਿਲਾਂ ਕਿਆਸੀ ਗਈ ਸੀ। ਉਨਾਂ ਕਿਹਾ ਕਿ ਗੁਰਦਾਸਪੁਰ ਅਤੇ ਅੰਮਿ੍ਰਤਸਰ ਤੋਂ ਇਲਾਵਾ ਤਰਨ ਤਾਰਨ ਤੇ ਕਪੂਰਥਲਾ ਜ਼ਿਲਿਆਂ ਤੋਂ ਫਸਲਾਂ ਨੂੰ ਹੋਏ ਨੁਕਸਾਨ ਸਬੰਧੀ ਰਿਪੋਰਟਾਂ ਹਾਸਲ ਹੋਈਆਂ ਹਨ।ਨਮੀ ਵੱਧ ਰਹਿਣ ਕਰਕੇ ਇਸ ਸਾਲ ਭਾਰਤੀ ਖੁਰਾਕ ਨਿਗਮ ਵੱਲੋਂ ਝੋਨਾ ਨਾ ਖਰੀਦਣ ਬਾਰੇ ਕਿਸਾਨਾਂ ਦੇ ਤੌਖਲੇ ਦੂਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਇਹ ਮਾਮਲਾ ਪਹਿਲਾਂ ਹੀ ਸਬੰਧਤ ਅਥਾਰਟੀ ਕੋਲ ਉਠਾ ਦਿੱਤਾ ਹੈ। 
ਉਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ,‘‘ਫਸਲ ਦੀ ਖਰੀਦ ਵਿੱਚ ਤਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਵੇਗੀ।’’ਤਰਨ ਤਾਰਨ ਵਿੱਚ ਅਮਰਕੋਟ ਹੈਲੀਪੈਡ ’ਤੇ ਉਤਰਨ ਮੌਕੇ ਮੁੱਖ ਮੰਤਰੀ ਨੂੰ ਜ਼ਿਲਾ ਅਧਿਕਾਰੀਆਂ ਨੇ ਸਥਿਤੀ ਬਾਰੇ ਜਾਣੰੂ ਕਰਵਾਇਆ। ਇਸ ਤੋਂ ਬਾਅਦ ਮੁੱਖ ਮੰਤਰੀ ਇਲਾਕੇ ਦੇ ਵਸਨੀਕਾਂ ਨੂੰ ਮਿਲੇ ਅਤੇ ਉਨਾਂ ਨੂੰ ਭਰੋਸਾ ਦਿੱਤਾ ਕਿ ਭਾਰੀ ਮੀਂਹ ਤੇ ਹੜਾਂ ਕਾਰਨ ਜਿਨਾਂ ਲੋਕਾਂ ਦੀਆਂ ਫਸਲਾਂ ਤੇ ਘਰਾਂ ਦਾ ਨੁਕਸਾਨ ਹੋਇਆ, ਸਰਕਾਰ ਵੱਲੋਂ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨਾਂ ਕਿਹਾ ਕਿ ਪਸ਼ੂਧਨ ਦੇ ਘਾਟੇ ਲਈ ਵੀ ਸਰਕਾਰ ਵੱਲੋਂ ਮੁਆਵਜ਼ਾ ਅਦਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਗੁਰਬੀਰ ਸਿੰਘ (18) ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਜੋ ਸੋਮਵਾਰ ਨੂੰ ਤੇਜ਼ ਵਹਾਅ ਵਿੱਚ ਰੁੜ ਗਿਆ ਸੀ। ਉਨਾਂ ਨੇ ਗੁਰਬੀਰ ਸਿੰਘ ਦੇ ਪਰਿਵਾਰ ਲਈ 3.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਹੜਾਂ ਦੇ ਪਾਣੀ ਦਾ ਪੱਧਰ ਘਟ ਜਾਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਮਾਲ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਪਾਸੋਂ ਗਿਰਦਾਵਰੀ ਦੀਆਂ ਰਿਪੋਰਟਾਂ ਹਾਸਲ ਕਰਨ ਤੋਂ ਬਾਅਦ ਵਿਅਕਤੀਗਤ ਤੌਰ ’ਤੇ ਹੋਏ ਨੁਕਸਾਨ ਦੇ ਆਧਾਰ ’ਤੇ ਮੁਆਵਜ਼ੇ ਦੀ ਰਾਸ਼ੀ ਦਾ ਫੈਸਲਾ ਲਿਆ ਜਾਵੇਗਾ। ਇਸ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਕੇਂਦਰ ਸਰਕਾਰ ਦੀ ਫਸਲ ਬੀਮਾ ਸਕੀਮ ਨੂੰ ਰੱਦ ਕਰ ਦਿੱਤਾ ਹੈ ਕਿਉਂਕਿ ਇਹ ਸਕੀਮ ਕਿਸਾਨਾਂ ਦੇ ਨਾਲ-ਨਾਲ ਸੂਬੇ ਦੇ ਹਿੱਤਾਂ ਦੇ ਵਿਰੁੱਧ ਹੈ। ਉਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੰਜਾਬ ਦੀਆਂ ਲੋੜਾਂ ਮੁਤਾਬਕ ਇਸ ਸਕੀਮ ਵਿੱਚ ਤਬਦੀਲੀ ਨਹੀਂ ਕਰਦੀ ਤਾਂ ਸੂਬਾ ਸਰਕਾਰ ਆਪਣੀ ਬੀਮਾ ਨੀਤੀ ਲਿਆਵੇਗੀ ਤਾਂ ਕਿ ਕਿਸਾਨਾਂ ਨੂੰ ਇਸ ਦਾ ਬਣਦਾ ਲਾਭ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਇਸ ਵੇਲੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਸੂਬਾ ਸਰਕਾਰ ਦੇ ਕੁਦਰਤੀ ਆਫਤ ਫੰਡ ਵਿੱਚੋਂ ਦਿੱਤੀ ਜਾਂਦੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ 8 ਸਤੰਬਰ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰਾਂ ਦੇ ਨਾਲ-ਨਾਲ ਇੰਡਸ, ਭਾਰਤ ਸਰਕਾਰ ਦੇ ਕਮਿਸ਼ਨਰ ਦਰਮਿਆਨ ਇਕ ਸਮਝੌਤਾ ਕੀਤਾ ਹੈ ਤਾਂ ਕਿ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਸਕੇ। ਉਨਾਂ ਕਿਹਾ ਕਿ ਤਿੰਨ ਸਾਲਾਂ ਵਿੱਚ ਇਹ ਪ੍ਰਾਜੈਕਟ ਮੁਕੰਮਲ ਹੋਵੇਗਾ ਜਿਸ ਨਾਲ 206 ਮੈਗਾਵਾਟ ਵਾਧੂ ਪਣ-ਬਿਜਲੀ ਪੈਦਾ ਹੋਣ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੀ ਸਮਰਥਾ ਦੀ ਵੀ ਢੁਕਵੀਂ ਵਰਤੋਂ ਕੀਤੀ ਜਾ ਸਕੇਗੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦਾ ਦੌਰਾ ਕੀਤਾ ਅਤੇ ਉਨਾਂ ਕਿਸਾਨਾਂ ਨੂੰ ਮਿਲੇ ਜਿਨਾਂ ਦੀ ਫਸਲ ਨੂੰ ਹੜਾਂ ਦੇ ਪਾਣੀ ਨਾਲ ਵੱਡਾ ਨੁਕਸਾਨ ਪਹੁੰਚਿਆ ਹੈ। ਜ਼ਿਲੇ ਵਿੱਚ ਫੌਜ ਵੱਲੋਂ ਤਿਆਰ ਕੀਤੇ ਆਰਜ਼ੀ ਪੁਲਾਂ ਨੂੰ ਸਥਾਈ ਪੁਲਾਂ ਵਿੱਚ ਬਦਲਣ ਦੀ ਮੰਗ ਪ੍ਰਤੀ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਨੇ ਕਿਹਾ ਇਕ ਉਹ ਇਸ ਮਾਮਲੇ ਨੂੰ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਉਠਾਉਣਗੇ। ਜਿੱਥੋਂ ਤੱਕ ਰੱਖਿਆ ਮੰਤਰਾਲੇ ਵੱਲੋਂ ਪੁਲਾਂ ਦੀ ਕੀਤੀ ਜਾ ਰਹੀ ਸਾਂਭ-ਸੰਭਾਲ ਦਾ ਸਬੰਧ ਹੈ, ਇਸ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਪਹਿਲਾਂ ਹੀ ਫੌਜ ਦੀ ਅਥਾਰਿਟੀ ਨੂੰ ਛੇਤੀ ਤੋਂ ਛੇਤੀ ਇਨਾਂ ਪੁਲਾਂ ਦੀ ਮੁਰੰਮਤ ਤੇ ਵਿਸਤਾਰ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਤਰਨਤਾਰਨ ਅਤੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਸਾਰੇ ਪੁਲਾਂ ਦੀ ਸੂਚੀ ਦੇਣ ਲਈ ਆਖਿਆ ਤਾਂ ਕਿ ਇਹ ਸੂਚੀ ਫੌਜ ਦੀ ਅਥਾਰਟੀ ਨੂੰ ਸੌਂਪੀ ਜਾ ਸਕੇ। ਮੁੱਖ ਮੰਤਰੀ ਨੇ ਦੱਸਿਆ ਕਿ ਭਵਿੱਖ ਵਿੱਚ ਹੜਾਂ ਦੀ ਰੋਕਥਾਮ ਲਈ ਬਿਆਸ ਦਰਿਆ ਵਿੱਚ ਰੋਕਾਂ (ਸਪਰ) ਦੀ ਉਸਾਰੀ ਲਈ ਉਹ ਕੇਂਦਰ ਸਰਕਾਰ ਵੱਲੋਂ ਫੰਡਾਂ ਦਾ ਮੰਗ ਕਰਨਗੇ। ਉਨਾਂ ਕਿਹਾ ਕਿ ਅਜਿਹੀਆਂ ਰੋਕਾਂ ਪਾਣੀ ਦੇ ਵਹਾਅ ਲਈ ਦਰਿਆਵਾਂ ਦੇ ਕਿਨਾਰਿਆਂ ਦੀ ਸੁਰੱਖਿਆ ਵਾਸਤੇ ਜ਼ਰੂਰੀ ਹਨ। ਉਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਅਤੇ ਉੱਥੇ ਦੇ ਡੈਮਾਂ ਤੋਂ ਪਾਣੀ ਛੱਡਣ ਨਾਲ ਹੀ ਮੁੱਖ ਤੌਰ ’ਤੇ ਬਿਆਸ ਵਿੱਚ ਹੜ ਆਉਂਦਾ ਹੈ। ਇਸ ਦੌਰਾਨ ਅੱਜ ਸਵੇਰੇ 11 ਵਜੇ ਤੱਕ ਪਾਣੀ ਦੇ ਪੱਧਰ ਬਾਰੇ ਜਲ ਸਰੋਤ ਵਿਭਾਗ ਦੇ ਡਾਟੇ ਅਨੁਸਾਰ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ 1390 ਫੁੱਟ ਦੀ ਸਮਰਥਾ ਦੇ ਮੁਕਾਬਲੇ ਇਸ ਵੇਲੇ 1391.20 ਫੁੱਟ ਹੈ। ਮੁੱਖ ਮੰਤਰੀ ਨੂੰ ਅਧਿਕਾਰੀਆਂ ਨੇ ਜਾਣੰੂ ਕਰਵਾਇਆ ਕਿ ਭਾਵੇਂ ਪਾਣੀ ਦਾ ਪੱਧਰ ਵੱਧ ਹੈ ਪਰ ਮੀਂਹ ਰੁਕ ਜਾਣ ਕਰਕੇ ਸਥਿਤੀ ਕਾਬੂ ਹੇਠ ਹੈ। ਇਸੇ ਤਰਾਂ ਭਾਖੜਾ ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ 1680 ਫੁੱਟ ਦੀ ਸਮਰਥਾ ਦੇ ਮੁਕਾਬਲੇ 1660.24 ਫੁੱਟ ਹੈ ਅਤੇ ਰਣਜੀਤ ਸਾਗਰ ਡੈਮ ਜਿੱਥੇ ਰਾਵੀ ਦਰਿਆ ਦਾ ਪਾਣੀ ਪੈਂਦਾ ਹੈ, ਦੇ ਪਾਣੀ ਦਾ ਪੱਧਰ ਵੱਧ ਤੋਂ ਵੱਧ 527.91 ਮੀਟਰ ਦੇ ਮੁਕਾਬਲੇ 526.67 ਮੀਟਰ ਹੈ।ਮੌਸਮ ਵਿਭਾਗ ਦੇ ਚੰਡੀਗੜ ਕੇਂਦਰ ਤੋਂ ਬੁੱਧਵਾਰ ਸਵੇਰ ਨੂੰ ਪ੍ਰਾਪਤ ਸੂਚਨਾ ਮੁਤਾਬਿਕ ਆਉਂਦੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਅਤੇ ਸਿਰਫ 28 ਅਤੇ 29 ਸਤੰਬਰ ਨੂੰ ਦੱਖਣੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਅੰਕੜਿਆਂ ਦਾ ਹਵਾਲਾ ਦਿੰਦਿਆ ਜਾਣੂੰ ਕਰਵਾਇਆ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਸਿਰਫ਼ ਕਿਸੇ ਇਕ ਅੱਧ ਥਾਂ ’ਤੇ ਕਿਣ-ਮਿਣ ਹੋ ਸਕਦੀ ਹੈ।ਮੁੱਖ ਮੰਤਰੀ ਦੇ ਨਾਲ ਉਨਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਖੇਮਕਰਨ ਸੁਖਪਾਲ ਸਿੰਘ ਭੁਲੱਰ, ਵਿਧਾਇਕ ਪੱਟੀ ਹਰਮਿੰਦਰ ਸਿੰਘ ਗਿੱਲ, ਵਿਧਾਇਕ ਤਰਨਤਾਰਨ ਡਾ. ਧਰਮਵੀਰ ਅਗਨੀਹੋਤਰੀ, ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਸੱਭਰਵਾਲ, ਆਈ.ਜੀ. ਐਸ.ਪੀ.ਐਸ ਪਰਮਾਰ, ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਬ, ਆਈ.ਜੀ. ਨੌਨਿਹਾਲ ਸਿੰਘ, ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਅਤੇ ਐਸ.ਐਸ.ਪੀ ਤਰਨਤਾਰਨ ਦਰਸ਼ਨ ਸਿੰਘ ਮਾਨ ਹਾਜ਼ਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।