ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਗਰੀਬਾਂ ਲਈ ਬਣੀ ਵਰਦਾਨ, ਜ਼ਿਲੇ ਦੇ 7 ਸਰਕਾਰੀ ਅਤੇ 6 ਪ੍ਰਾਈਵੇਟ ਹਸਪਤਾਲਾਂ ‘ਚ ਲਾਭਪਾਤਰੀ ਕਰਵਾ ਸਕਦੇ ਨੇ ਇਲਾਜ: -ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ

ਮੋਗਾ, 26 ਸਤੰਬਰ: (ਜਸ਼ਨ)-    ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਜਿੱਥੇ ਗਰੀਬ ਤੇ ਪਛੜੇ ਵਰਗ ਦੇ ਉਨਾਂ ਲੋਕਾਂ ਜੋੋ ਆਰਥਿਕ ਤੰਗੀ ਕਾਰਨ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਲਈ ਵਰਦਾਨ ਸਾਬਤ ਹੋ ਰਹੀ ਹੈ, ਉਥੇ ਹਰੇਕ ਨਾਗਰਿਕ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਵੀ ਮੀਲ ਪੱਥਰ ਸਾਬਤ ਹੋ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰਾਂ ਨੂੰ ਜਿੱਥੇ 50 ਹਜ਼ਾਰ ਰੁਪਏ ਤੱਕ ਮੁਫਤ ਸਿਹਤ ਬੀਮੇ ਦੀ ਸਹੂਲਤ ਮਿਲਦੀ ਹੈ ਉਥੇ ਹੀ ਪ੍ਰੀਵਾਰ ਦੇ ਮੁਖੀ ਦੀ ਹਾਦਸੇ ਵਿੱਚ ਮੌਤ ਹੋ ਜਾਣ ਕਾਰਨ ਜਾਂ ਨਕਾਰਾ ਹੋਣ ‘ਤੇ 5 ਲੱਖ ਰੁਪਏ ਦੀ ਬੀਮਾ ਰਾਸ਼ੀ ਵੀ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ ਜ਼ਿਲੇ ਦੇ 7 ਸਰਕਾਰੀ ਅਤੇ 6 ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ 01 ਨਵੰਬਰ, 2017 ਤੋਂ 31 ਅਗਸਤ, 2018 ਤੱਕ 951 ਲਾਭਪਾਤਰੀਆਂ ਨੂੰ  3 ਕਰੋੜ 19 ਲੱਖ 70 ਹਜ਼ਾਰ 850  ਰੁਪਏ ਦੀ ਰਾਸ਼ੀ ਦਾ ਲਾਭ ਦਿੱਤਾ ਜਾ ਚੁੱਕਾ ਹੈ। ਜਿਕਰਯੋਗ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਥੇ ਕਿਸਾਨਾਂ, ਛੋਟੇ ਵਪਾਰੀਆਂ, ਉਸਾਰੀ ਕਾਮਿਆਂ ਤੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਮੁਫਤ ਇਲਾਜ ਅਤੇ ਦੁਰਘਟਨਾ ਬੀਮੇ ਦੇ ਤੌਰ ‘ਤੇ 5 ਲੱਖ ਰੁਪਏ ਤੱਕ ਦਾ ਮੁਆਵਜ਼ਾ ਦੇਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਨੇ ਦੱਸਿਆ ਕਿ ਜ਼ਿਲੇ ਦੇ 7 ਸਰਕਾਰੀ ਹਸਪਤਾਲਾਂ ਵਿੱਚ ਕਾਰਡ ਧਾਰਕ ਲਾਭਪਾਤਰੀ ਆਪਣਾ ਇਲਾਜ ਕਰਵਾ ਸਕਦੇ ਹਨ, ਜਿਨਾਂ ਵਿੱਚ ਸਿਵਲ ਹਸਪਤਾਲ ਮੋਗਾ, ਕੋਟ ਈਸੇ ਖਾਂ, ਬਾਘਾਪਰਾਣਾ, ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ, ਢੁੱਡੀਕੇ ਅਤੇ ਡਰੋਲੀ ਭਾਈ ਸ਼ਾਮਲ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਜ਼ਿਲੇ ਦੇ 6 ਪ੍ਰਾਈਵੇਟ ਹਸਪਤਾਲਾਂ ਵਿੱਚ ਗੋਮਤੀ ਪ੍ਰਸ਼ਾਦ ਹਸਪਤਾਲ ਮੋਗਾ, ਪ੍ਰੇਮ ਹਸਪਤਾਲ, ਰਾਜੀਵ ਹਸਪਤਾਲ, ਗਿੱਲ ਅੱਖਾਂ ਦਾ ਹਸਪਤਾਲ, ਸੂਦ ਹਸਪਤਾਲ ਅਤੇ ਜਗਦੰਬਾ ਅੱਖਾਂ ਦਾ ਹਸਪਤਾਲ ਬਾਘਾਪੁਰਾਣਾ ਵਿਖੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਕਾਰਡ ਧਾਰਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨਾਂ ਇਹ ਵੀ ਦੱਸਿਆ ਕਿ ਸਕੀਮ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਟੋਲ ਫਰੀ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਮਰਜੰਸੀ ਸਮੇਂ ਮੁਫਤ ਐਂਬੂਲੈਸ ਸੇਵਾ ਲਈ ਟੋਲ ਫਰੀ ਨੰਬਰ 108 ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਦੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੇ ਜ਼ਿਲਾ ਕੋ-ਆਰਡੀਨੇਟਰ ਗੁਰਪ੍ਰੀਤ ਸਿੰਘ ਅਤੇ ਫ਼ਾਰਮਾਸਿਸਟ ਰੁਪੇਸ਼ ਵੀ ਮੌਜੂਦ ਸਨ।