ਕੋਰੀਅਰ ਬੰਬ ਧਮਾਕੇ ਨਾਲ ਦਹਿਲਿਆ ਮੋਗਾ

ਮੋਗਾ,26 ਸਤੰਬਰ (ਜਸ਼ਨ)-ਅੱਜ ਦੁਪਹਿਰ ਸਮੇਂ ਮੋਗਾ ਦੇ ਮੁੱਖ ਬਜ਼ਾਰ ਨਜ਼ਦੀਕ ਚੈਂਬਰ ਰੋਡ ’ਤੇ ਕੋਰੀਅਰ ਸਰਵਿਸ ਦੇ ਰਹੀ  ਇਕ ਦੁਕਾਨ ’ਚ ਅਚਾਨਕ ਬੰਬ ਧਮਾਕਾ ਹੋ ਗਿਆ। ਦੁਕਾਨ ’ਤੇ ਆਏ ਕੋਰੀਅਰ ਵਾਲੇ ਪੈਕਟ ਵਿਚ ਹੋਏ ਇਸ ਧਮਾਕੇ ਨਾਲ ਉਸ ਸਮੇਂ ਹਾਜ਼ਰ ਦੁਕਾਨ ਦਾ ਮਾਲਿਕ ਵਿਕਾਸ ਸੂਦ ਜ਼ਖਮੀਂ ਹੋ ਗਿਆ ਅਤੇ ਦੁਕਾਨ ਦੇ ਕਾੳੂਂਟਰ ’ਤੇ ਪਿਆ ਸਮਾਨ ਵੀ ਨੁਕਸਾਨਿਆ ਗਿਆ। ਘਟਨਾ ਦੀ ਖਬਰ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੰੁਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਖਮੀ ਵਿਕਾਸ ਸੂਦ ਦੇ ਪੁੱਤਰ ਸਾਹਿਲ ਸੂਦ ਮੁਤਾਬਕ ਸ਼ਾਹਕੋਟ ਨਿਵਾਸੀ ਇਕ ਵਿਅਕਤੀ ਨੇ ਬੂਟਾ ਕਰਿਆਨਾ ਸਟੋਰ ਵਾਲਿਆਂ ਨਾਲ ਜਾਣ ਪਹਿਚਾਣ ਦੱਸ ਕੇ ਸੰਗਰੂਰ ਦੇ ਪਤੇ ’ਤੇ ਕੋਰੀਅਰ ਕਰਵਾਇਆ ਸੀ ਪਰ ਜਦੋਂ ਉਸ ਦੇ ਪਿਤਾ ਨੇ ਕੋਰੀਅਰ ਕਰਵਾਉਣ ਆਏ ਵਿਅਕਤੀ ਤੋਂ ਸਮਾਨ ਦਾ ਭਾਰ ਜ਼ਿਆਦਾ ਹੋਣ ਦੀ ਗੱਲ ਆਖੀ ਤਾਂ ਉਸ ਵਿਅਕਤੀ ਨੇ ਉਸ ਪੈੱਕਟ ਵਿਚ ਟੀ-ਸ਼ਰਟਾਂ ਹੋਣ ਦੀ ਗੱਲ ਆਖੀ ਤੇ ਕੋਰੀਅਰ ਕਰਵਾ ਕੇ ਚਲਾ ਗਿਆ।  ਸਾਹਿਲ ਸੂਦ ਨੇ ਦੱਸਿਆ ਕਿ ਕੋਰੀਅਰ ਜਮਾਂ ਹੋਣ ਤੋਂ ਕੁਝ ਦੇਰ ਬਾਅਦ ਉਸ ਕੋਰੀਅਰ ਦਾ ਬਲਾਸਟ ਹੋ ਗਿਆ ਅਤੇ ਦੁਕਾਨ ’ਤੇ ਲੱਗੇ ਸ਼ੀਸ਼ੇ ਟੁੱਟਣ ਦੇ ਨਾਲ ਨਾਲ ਉਸ ਦਾ ਪਿਤਾ ਵੀ ਜ਼ਖਮੀਂ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ, ਡੀ. ਐੱਸ. ਪੀ. ਕੇਸਰ ਸਿੰਘ ਮੌਕੇ ‘ਤੇ ਪੁੱਜੇ । ਪੁਲਿਸ ਨੇ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਲੋੜੀਂਦੇ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਬੁਲਾਈ ਜਾ ਰਹੀ ਹੈ।   ਇਸ ਘਟਨਾ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਕੋਰੀਅਰ ਕਰਵਾਉਣ ਆਇਆ ਵਿਅਕਤੀ ਪ੍ਰਵਾਸੀ ਵੇਸ਼ਭੂਸ਼ਾ ਵਾਲਾ ਸੀ ਤੇ ਉਸ ਨੇ ਜੋ ਕੋਰੀਅਰ ਕਰਵਾਇਆ ਉਸ ’ਤੇ ਭੂਪੇਸ਼ ਰਾਜੇਆਣਾ,ਰਾਜੇਆਣਾ ਹਾੳੂਸ ,ਪਟਿਆਲਾ ਗੇਟ ਸੰਗਰੂਰ ਲਿਖਿਆ ਹੋਇਆ ਹੈ।ਜਿਸ ਤੋਂ ਸਰਸਰੀ ਨੁਕਤੇ ਨਿਗਾਹ ਨਾਲ ਪ੍ਰਤੀਤ ਹੰੁਦਾ ਹੈ ਕਿ ਇਹ ਪ੍ਰਵਾਸੀ ਜਾਂ ਇਸ ਪਿਛੇ ਕੋਈ ਸਾਜਿਸ਼ਕਾਰ ਵਿਅਕਤੀ ਸੰਗਰੂਰ ਵਾਸੀ ਭੂਪੇਸ਼ ਨੂੰ ਨੁਕਸਾਨ ਪਹੁੰਚਾਉਣਾ ਚਾਹੰੁਦਾ ਸੀ ਪਰ ਧਮਾਕੇ ਦੀ ਇਹ ਘਟਨਾ ਸੰਗਰੂਰ ਵਾਪਰਨ ਦੀ ਬਜਾਏ ਮੋਗਾ ਵਿਚ ਹੀ ਵਾਪਰ ਗਈ ਜਦੋਂ ਕੋਰੀਅਰ ਦੇ ਮਾਲਕ ਨੇ ਕੋਰੀਅਰ ’ਤੇ ਲਿਖੇ ਫੋਨ ਨੰਬਰ ’ਤੇ ਸੰਪਰਕ ਕਰਨਾ ਚਾਹਿਆ ਤਾਂ ਫੋਨ ਨਾ ਮਿਲਿਆ ਤੇ ਉਸ ਨੂੰ ਸ਼ੱਕ ਹੋਇਆ ਕਿ ਕੋਰੀਅਰ ਵਿਚ ਕਮੀਜ਼ਾਂ ਦੀ ਬਜਾਏ ਕੋਈ ਹੋਰ ਸਮੱਗਰੀ ਹੈ ਤੇ ਜਿਵੇਂ ਹੀ ਉਸ ਨੇ ਡੱਬਾ ਖੋਲਿਆ ਤਾਂ ਧਮਾਕਾ ਹੋ ਗਿਆ।    

ਪੁਲਿਸ ਵੱਲੋਂ ਬਰਾਮਦ ਕੋਰੀਅਰ ਵਾਲੇ ਡੱਬੇ ਅਤੇ ਦੁਕਾਨ ਵਿਚ ਧਮਾਕੇ ਉਪਰੰਤ ਮੇਖਾਂ, ਬੈਟਰੀ ਅਤੇ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ ਹੈ। 

ਦੁਕਾਨ ਵਿਚ ਸੀ ਸੀ ਟੀ ਵੀ ਕੈਮਰਾ ਨਹੀਂ ਸੀ ਪਰ ਦੁਕਾਨ ਦੇ ਸਾਹਮਣੇ ਕਿਸੇ ਹੋਰ ਦੁਕਾਨ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਉਸ ਵਿਅਕਤੀ ਦੀ ਫੁਟੇਜ ਪੁਲਿਸ ਨੂੰ ਮਿਲ ਗਈ ਹੈ।   ਇਸ ਘਟਨਾ ਦੀ ਨਾਜ਼ੁਕਤਾ ਨੂੰ ਦਖਦਿਆਂ ਫਿਰੋਜ਼ਪੁਰ ਰੇਂਜ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਮੋਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਧਮਾਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ। ਡਾ. ਹਰਜੋਤ ਨੇ ਮੋਗਾ ਪੁਲਿਸ ਨੂੰ ਮੁਸਤੈਦ ਰਹਿਣ ਦੀ ਹਦਾਇਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਨਾਂ ਦੀ ਸ਼ੁਰੂਆਤ ਮੋਗਾ ਤੋਂ ਹੀ ਹੁੰਦੀ ਹੈ, ਇਸ ਲਈ ਮੋਗਾ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਘਟਨਾ ਪਿਛੇ ਜਿਨਾਂ ਦਾ ਵੀ ਹੱਥ ਹੈ ਉਸਦਾ ਪਤਾ ਲਗਾਇਆ ਜਾਵੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਮੋਗਾ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨਾਂ ਪੁਲਿਸ ਨੂੰ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਹਦਾਇਤ ਕੀਤੀ।     ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਵੀ ਮੌਕੇ ’ਤੇ ਪਹੁੰਚੇ  ਅਤੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਬੇਹੱਦ ਦੁਖਦਾਈ ਘਟਨਾ ਹੈ ਅਤੇ ਪੁਲਿਸ ਨੂੰ ਛੇਤੀ ਤੋਂ ਛੇਤੀ ਸਚਾਈ ਸਾਹਮਣੇ ਲਿਆਉਣੀ ਚਾਹਦੀ ਹੈ। ਉਹਨਾਂ ਸਪੱਸ਼ਟ ਆਖਿਆ ਕਿ ਅਜਿਹੀਆਂ ਘਟਨਾਵਾਂ ਮੋਗਾ ਵਾਸੀਆਂ ਦੇ ਸਦਭਾਵਨਾ ਵਾਲੇ ਮਾਹੌਲ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ ਕਿਉਂਕਿ ਮੋਗਾ ਅਮਨ ਪਸੰਦ ਸ਼ਹਿਰੀਆਂ ਦਾ ਇਲਾਕਾ ਹੈ। ਇਸ ਮੌਕੇ ਉਹਨਾਂ ਨਾਲ ਨਗਰ ਕੌਂਸਲ ਕੋਟਈਸੇਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ,ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾਂ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ, ਅਤੇ ਮੋਗਾ ਦੇ ਕੁਝ ਕੌਂਸਲਰ ਵੀ ਹਾਜ਼ਰ ਸਨ।     

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।