ਪੰਜਾਬ ਦਾ ਅੱਤਵਾਦ ਤੋਂ ਵਧੇਰੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ-ਸਾਧੂ ਸਿੰਘ ਧਰਮਸੋਤ

ਲੁਧਿਆਣਾ/ਚੰਡੀਗੜ, 24 ਸਤੰਬਰ (ਪੱਤਰ ਪਰੇਰਕ)-ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ’ਤੇ ਪੰਜਾਬ ਨੂੰ ਹਰ ਪੱਖੋਂ ਕੰਗਾਲ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਸਰਕਾਰ ਦੀ ਅਗਵਾਈ ਕਰਨ ਵਾਲੇ ਬਾਦਲ ਪਰਿਵਾਰ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਉਹ ਅੱਜ ਪਿੰਡ ਛਪਾਰ ਵਿਖੇ ਇਤਿਹਾਸਕ ਮੇਲੇ ਦੌਰਾਨ ਕਾਂਗਰਸ ਪਾਰਟੀ ਦੀ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸ੍ਰ. ਧਰਮਸੋਤ ਨੇ ਕਿਹਾ ਕਿ ਅੱਜ ਤੋਂ 10 ਸਾਲ ਪਹਿਲਾਂ ਇਤਿਹਾਸ ਦੀਆਂ ਗੱਲਾਂ ਹੋਇਆ ਕਰਦੀਆਂ ਸਨ ਕਿ ਪੰਜਾਬ ਦਾ ਸਭ ਤੋਂ ਵਧੇਰੇ ਨੁਕਸਾਨ ਅੱਤਵਾਦ ਨੇ ਕੀਤਾ ਪਰ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਆਪਣੇ ਸਾਸ਼ਨ ਕਾਲ ਦੌਰਾਨ ਪੰਜਾਬ ਨੂੰ ਲੁੱਟਣ ਅਤੇ ਪੰਜਾਬੀਆਂ ਨੂੰ ਕੁੱਟਣ ਦੇ ਵਰਤਾਰਿਆਂ ਨਾਲ ਇਹ ਇਤਿਹਾਸ ਹੁਣ ਬਦਲ ਗਿਆ ਹੈ। ਹੁਣ ਲੋਕ ਆਪ ਮੁਹਾਰੇ ਕਹਿਣ ਲੱਗੇ ਹਨ ਕਿ ਭਵਿੱਖ ਵਿੱਚ ਜਦੋਂ ਲੋਕ ਪੰਜਾਬ ਨੂੰ ਹਰ ਪੱਖੋਂ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਜ਼ਿਕਰ ਛਿੜਿਆ ਕਰੇਗਾ ਤਾਂ ਬਾਦਲ ਪਰਿਵਾਰ ਦਾ ਨਾਮ ਸਭ ਤੋਂ ਪਹਿਲਾਂ ਆਇਆ ਕਰੇਗਾ। ਸ੍ਰ. ਧਰਮਸੋਤ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਅਗਵਾਈ ਵਾਲੀ ਸਰਕਾਰ ਨੇ ਜਿੱਥੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਧਕੇਲ ਕੇ ਸੂਬੇ ਦੇ ਸੁਨਹਿਰੀ ਭਵਿੱਖ ਨੂੰ ਤਾਰੋ-ਤਾਰ ਕਰਨ ਦੀ ਕੋਸ਼ਿਸ਼ ਕੀਤੀ, ਉਥੇ ਹੀ ਬਾਦਲ ਪਰਿਵਾਰ ਨੇ ਪੰਜਾਬ ਦੇ ਕੁਦਰਤੀ ਸੋਮਿਆਂ ਅਤੇ ਹਰੇਕ ਕਾਰੋਬਾਰ ਨੂੰ ਲੁੱਟਿਆ। ਨਤੀਜਤਨ ਪੰਜਾਬ ਦਾ ਹਰ ਪੱਖੋਂ ਲੱਕ ਟੁੱਟ ਗਿਆ। ਉਨਾਂ ਕਿਹਾ ਕਿ ਪੰਜਾਬ ਵਿੱਚ ਕਾਲੀਆਂ ਰਾਤਾਂ ਦਾ ਦੌਰ ਲਿਆਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਹੱਥ ਸੀ, ਜਿਸ ਨੂੰ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਮੁੜ ਸੁਨਹਿਰੀ ਦਿਨਾਂ ਵਿੱਚ ਬਦਲਣ ਦੀ ਸਫ਼ਲ ਕੋਸ਼ਿਸ਼ ਕੀਤੀ। ਜਦੋਂ-ਜਦੋਂ ਵੀ ਪੰਜਾਬ ਅਤੇ ਪੰਜਾਬੀਆਂ ’ਤੇ ਭੀੜ ਪਈ ਤਾਂ ਬਾਦਲ ਪਰਿਵਾਰ ਨੇ ਮੌਕਾਪ੍ਰਸਤੀ ਦਾ ਮੁਜ਼ਾਹਰਾ ਕਰਦਿਆਂ ਆਪਣੇ ਨਿੱਜੀ ਹਿੱਤਾਂ ਨੂੰ ਬਚਾਉਣ ਨੂੰ ਪਹਿਲ ਦਿੱਤੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਸੂਬੇ ਅਤੇ ਲੋਕਾਂ ਦੇ ਹਿੱਤਾਂ ਨੂੰ ਸੁਰੱਖਿਅਤ ਕੀਤਾ। ਉਨਾਂ ਦਾਅਵੇ ਨਾਲ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਨੇ ਨਾ ਕੇਵਲ ਪਿਛਲੀਆਂ ਸਾਰੀਆਂ ਲੋਕ ਹਿੱਤ ਯੋਜਨਾਵਾਂ ਨੂੰ ਚਾਲੂ ਰੱਖਣ ਦੇ ਨਾਲ-ਨਾਲ ਵਾਧਾ ਕੀਤਾ ਹੈ ਬਲਕਿ ਇਨਾਂ ਸਹੂਲਤਾਂ ਤਹਿਤ ਮਿਲਣ ਵਾਲੀ ਆਰਥਿਕ ਰਾਸ਼ੀ ਵਿੱਚ ਵੀ ਵਾਧਾ ਕੀਤਾ ਹੈ। ਉਨਾਂ ਪੰਜਾਬ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਦੌਰਾਨ ਕੀਤੇ ਕਾਰਜਾਂ ਦਾ ਲੇਖਾ ਜੋਖਾ ਵੀ ਭਾਰੀ ਇਕੱਠ ਮੂਹਰੇ ਰੱਖਿਆ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰ, ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬਰਗਾੜੀ ਘਟਨਾ ਦੇ ਦੋਸ਼ੀਆਂ ਨੂੰ ਪੰਜਾਬ ਸਰਕਾਰ ਵੱਲੋਂ ਪੱਕੇ ਪੈਰੀਂ ਜੇਲ ਵਿੱਚ ਭੇਜਿਆ ਜਾਵੇਗਾ। ਉਨਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਕੈਪਟਨ ਸਰਕਾਰ ਵੱਲੋਂ ਇਸ ਮਾਮਲੇ ਦੀ ਪੈਰਵਾਈ ਬਹੁਤ ਹੀ ਦਲੇਰੀ ਅਤੇ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਭਾਰੀ ਜਿੱਤ ਨਾਲ ਵਿਰੋਧੀ ਪਾਰਟੀਆਂ ਦਾ ਹੰਕਾਰ ਬੁਰੀ ਤਰਾਂ ਟੁੱਟ ਗਿਆ ਹੈ। ਪਿਛਲੇ ਸਮੇਂ ਦੌਰਾਨ ਮਿਲੀਆਂ ਸ਼ਾਨਦਾਰ ਜਿੱਤਾਂ ਨਾਲ ਕਾਂਗਰਸ ਪਾਰਟੀ ਅਤੇ ਹੇਠਲੇ ਪੱਧਰ ’ਤੇ ਵਰਕਰਾਂ ਨੂੰ ਮਜ਼ਬੂਤੀ ਮਿਲੀ ਹੈ। ਉਨਾਂ ਕਿਹਾ ਕਿ ਹੁਣ ਪੰਜਾਬ ਦੇ ਹਰੇਕ ਕਾਂਗਰਸੀ ਨੂੰ ਖੁੱਲ ਕੇ ਪੰਜਾਬੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਜਲਦ ਹੀ ਇਨਾਂ ਨੁਮਾਇੰਦਿਆਂ ਰਾਹੀਂ ਸੂਬੇ ਵਿੱਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਸ਼ੁਰੂ ਹੋਣਗੇ। ਉਨਾਂ ਕਾਂਗਰਸ ਪਾਰਟੀ ਦੇ ਨੁਮਾਇੰੰਦਿਆਂ ਨੂੰ ਇਹ ਵੀ ਸਪੱਸ਼ਟ ਕੀਤਾ ਕਿ ਜੋ ਵੀ ਲੋਕ ਨੁਮਾਇੰਦਾ ਜਾਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਣ ਵਾਲਾ ਕੋਈ ਵੀ ਗਲਤ ਕੰਮ ਕਰੇਗਾ, ਉਸ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਵੇਗਾ। ਇਸ ਕਾਨਫਰੰਸ ਨੂੰ ਹਲਕਾ ਪਾਇਲ ਦੇ ਵਿਧਾਇਕ ਸ੍ਰ. ਲਖਬੀਰ ਸਿੰਘ ਲੱਖਾ, ਸਾਬਕਾ ਮੰਤਰੀ ਸ੍ਰ ਮਲਕੀਤ ਸਿੰਘ ਦਾਖਾ, ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਭੈਣੀ, ਜ਼ਿਲਾ ਕਾਂਗਰਸ (ਦਿਹਾਤੀ) ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਂਪਰਾ, ਸ੍ਰੀ ਕਰਿਸ਼ਨ ਕੁਮਾਰ ਬਾਵਾ, ਸ੍ਰੀ ਕਰਨ ਵੜਿੰਗ ਅਤੇ ਸ੍ਰ. ਮਨਜੀਤ ਸਿੰਘ ਭਰੋਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰ. ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਜ਼ਿਲਾ ਕਾਂਗਰਸ (ਸ਼ਹਿਰੀ) ਪ੍ਰਧਾਨ ਸ੍ਰ. ਗੁਰਪ੍ਰੀਤ ਸਿੰਘ ਗੋਗੀ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ੍ਰ. ਅਮਰਜੀਤ ਸਿੰਘ ਟਿੱਕਾ, ਸ੍ਰ. ਪਰਮਜੀਤ ਸਿੰਘ ਘਵੱਦੀ, ਸ੍ਰ. ਈਸ਼ਵਰਜੋਤ ਸਿੰਘ ਚੀਮਾ, ਸ੍ਰ. ਗੁਰਦੀਪ ਸਿੰਘ ਸਰਪੰਚ, ਸ੍ਰ. ਹਰਜਿੰਦਰ ਸਿੰਘ ਢੀਂਡਸਾ ਅਤੇ ਹੋਰ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।